ਪੰਜਾਬ ਵਿੱਚ 27 ਨਵੰਬਰ ਨੂੰ ਰਾਤ 8 ਵਜੇ ਸਿਵਲ ਡਿਫੈਂਸ ਵੱਲੋਂ ਏਅਰ ਰੇਡ ਅਤੇ ਬਲੈਕਆਊਟ ਮੌਕ ਡ੍ਰਿੱਲ ਕਰਵਾਈ ਜਾਣੀ ਹੈ। ਇਸ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖਣ ਦੀ ਹਦਾਇਤ ਦਿੱਤੀ ਗਈ ਹੈ। ਪਰ ਇਸ ਮੌਕ ਡ੍ਰਿੱਲ ਤੋਂ ਪਹਿਲਾਂ ਹੀ ਜਲੰਧਰ ਦੇ ਕਈ ਇਲਾਕੇ ਹਨੇਰੇ ਵਿੱਚ ਡੁੱਬ ਗਏ।
ਜਾਣਕਾਰੀ ਮੁਤਾਬਕ ਪਾਵਰਕਾਮ ਵੱਲੋਂ ਜਲੰਧਰ ਮੇਨ ਸਿਟੀ ਕੈਟਾਗਰੀ-1 ਵਿੱਚ ਅੱਜ ਸ਼ਾਮ ਕਰੀਬ 6:50 ਵਜੇ ਬਿਜਲੀ ਕੱਟ ਲਗਾਇਆ ਗਿਆ, ਜਿਸ ਕਾਰਨ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਕੱਟ ਰਾਤ 8 ਵਜੇ ਤੱਕ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੀਤੇ ਦਿਨ ਸ਼ਾਮ ਕਰੀਬ 6:30 ਵਜੇ ਅਚਾਨਕ ਪੂਰੇ ਜਲੰਧਰ ਸ਼ਹਿਰ ਦੀ ਬਿਜਲੀ ਗੁੱਲ ਹੋ ਗਈ ਸੀ। ਕੁਝ ਹੀ ਮਿੰਟਾਂ ਵਿੱਚ ਬਾਜ਼ਾਰਾਂ, ਮੁੱਖ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਹਨੇਰਾ ਛਾ ਗਿਆ ਸੀ। ਅਚਾਨਕ ਹੋਏ ਇਸ ਬਲੈਕਆਊਟ ਕਾਰਨ ਲੋਕਾਂ ਵਿੱਚ ਭੰਬਲਭੂਸੇ ਵਾਲੀ ਸਥਿਤੀ ਬਣ ਗਈ ਅਤੇ ਹਰ ਕੋਈ ਬਿਜਲੀ ਬੰਦ ਹੋਣ ਦਾ ਕਾਰਨ ਜਾਣਨ ਲਈ ਇੱਕ-ਦੂਜੇ ਨੂੰ ਫੋਨ ਕਰਨ ਲੱਗਾ।
ਆਮ ਤੌਰ ‘ਤੇ ਗਰਮੀਆਂ ਵਿੱਚ ਬਿਜਲੀ ਦੇ ਕੱਟ ਲੱਗਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਪਰ ਸਰਦੀਆਂ ਦੇ ਮੌਸਮ ਵਿੱਚ ਸ਼ਾਮ ਦੇ ਰੁਝੇਵੇਂ ਭਰੇ ਸਮੇਂ ਦੌਰਾਨ ਪੂਰੇ ਮਹਾਨਗਰ ਦੀ ਬਿਜਲੀ ਅਚਾਨਕ ਬੰਦ ਹੋਣ ਨਾਲ ਲੋਕ ਵੀ ਹੈਰਾਨ ਹਨ। ਪਹਿਲਾਂ ਲੋਕਾਂ ਨੂੰ ਲੱਗਿਆ ਕਿ ਕਿਸੇ ਇੱਕ ਇਲਾਕੇ ਵਿੱਚ ਫਾਲਟ ਕਾਰਨ ਸਪਲਾਈ ਪ੍ਰਭਾਵਿਤ ਹੋਈ ਹੈ, ਪਰ ਜਦੋਂ ਵੱਖ-ਵੱਖ ਇਲਾਕਿਆਂ ਤੋਂ ਵੀ ਬਿਜਲੀ ਬੰਦ ਹੋਣ ਦੀਆਂ ਖ਼ਬਰਾਂ ਆਉਣ ਲੱਗੀਆਂ ਤਾਂ ਪਤਾ ਲੱਗਾ ਕਿ ਸ਼ਹਿਰ ਦੇ ਕਈ ਹਿੱਸੇ ਹਨੇਰੇ ਵਿੱਚ ਹਨ।
ਇਸ ਦੌਰਾਨ ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਹਨ।








