ਕੈਨੇਡਾ ਦੇ ਹਵਾਈ ਅੱਡਿਆਂ ’ਤੇ ਵੱਡੀ ਕਾਰਵਾਈ, ਅਪਰਾਧਿਕ ਰਿਕਾਰਡ ਵਾਲੇ 7 ਹਜ਼ਾਰ ਮੁਲਾਜ਼ਮਾਂ ਦੀ ਹੋਵੇਗੀ ਛਾਂਟੀ

ਕੈਨੇਡਾ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਸਖ਼ਤ, 7 ਹਜ਼ਾਰ ਮੁਲਾਜ਼ਮਾਂ ਦੇ ਅਪਰਾਧਿਕ ਰਿਕਾਰਡ ਦੀ ਹੋਵੇਗੀ ਜਾਂਚ

ਕੈਨੇਡਾ ਦੇ ਕੌਮਾਂਤਰੀ ਹਵਾਈ ਅੱਡਿਆਂ ’ਤੇ ਨਸ਼ਿਆਂ ਅਤੇ ਹੋਰ ਗ਼ੈਰ-ਕਾਨੂੰਨੀ ਵਸਤਾਂ ਦੀ ਤਸਕਰੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ। ਟਰਾਂਸਪੋਰਟ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹਵਾਈ ਅੱਡਿਆਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਦੌਰਾਨ ਕਰੀਬ 7 ਹਜ਼ਾਰ ਕਾਮਿਆਂ ਦਾ ਰਿਕਾਰਡ ਸ਼ੱਕ ਦੇ ਘੇਰੇ ਵਿੱਚ ਆਇਆ ਹੈ।

ਮੰਤਰੀ ਅਨੁਸਾਰ ਅਪਰਾਧਿਕ ਰਿਕਾਰਡ ਵਿੱਚ ਸਿਰਫ਼ ਗੰਭੀਰ ਅਪਰਾਧ ਹੀ ਨਹੀਂ, ਸਗੋਂ ਵੱਡੀਆਂ ਟ੍ਰੈਫਿਕ ਉਲੰਘਣਾਵਾਂ ਵਰਗੇ ਮਾਮਲੇ ਵੀ ਸ਼ਾਮਲ ਹਨ। ਹੁਣ ਇਨ੍ਹਾਂ ਮੁਲਾਜ਼ਮਾਂ ਦੇ ਪਿਛੋਕੜ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਮੁਲਾਜ਼ਮਾਂ ਤੋਂ ਅਣਜਾਣੇ ਵਿੱਚ ਗ਼ਲਤੀਆਂ ਹੋਈਆਂ ਹਨ ਅਤੇ ਕਿਹੜਿਆਂ ਦੀ ਸ਼ਮੂਲੀਅਤ ਜਾਣਬੁੱਝ ਕੇ ਕੀਤੀਆਂ ਗਈਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਹੋ ਸਕਦੀ ਹੈ। ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਸਰਕਾਰ ਦੀ ਪਹਿਲ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਵਾਪਰੀਆਂ ਕਈ ਘਟਨਾਵਾਂ ਨੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ ਹਨ। ਕਰੀਬ ਤਿੰਨ ਸਾਲ ਪਹਿਲਾਂ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ ਵਿਦੇਸ਼ ਤੋਂ ਕਾਰਗੋ ਰਾਹੀਂ ਆਏ ਸੈਂਕੜੇ ਕਰੋੜ ਰੁਪਏ ਦੇ ਸੋਨੇ ਦੀ ਖੇਪ ਕਥਿਤ ਤੌਰ ’ਤੇ ਫ਼ਰਜ਼ੀ ਬਿਲਟੀ ਰਾਹੀਂ ਚੋਰੀ ਕਰ ਲਈ ਗਈ ਸੀ।

ਇਸ ਮਾਮਲੇ ਵਿੱਚ ਏਅਰ ਕੈਨੇਡਾ ਵਿੱਚ ਮੈਨੇਜਰ ਵਜੋਂ ਕੰਮ ਕਰਦੇ ਭਾਰਤੀ ਮੂਲ ਦੇ ਵਿਅਕਤੀ ’ਤੇ ਦੋਸ਼ ਲੱਗੇ ਸਨ। ਹਾਲਾਂਕਿ, ਪੁਲੀਸ ਚੋਰੀ ਹੋਏ ਸੋਨੇ ਜਾਂ ਇਸ ਦੀ ਵਿਕਰੀ ਤੋਂ ਪ੍ਰਾਪਤ ਨਕਦੀ ਵਿੱਚੋਂ ਦੋ ਫ਼ੀਸਦੀ ਰਕਮ ਵੀ ਬਰਾਮਦ ਨਹੀਂ ਕਰ ਸਕੀ।

ਇਸ ਤੋਂ ਇਲਾਵਾ ਪਿਛਲੇ ਮਹੀਨੇ ਹਵਾਈ ਅੱਡੇ ਦੇ ਕੁਝ ਮੁਲਾਜ਼ਮਾਂ ਵੱਲੋਂ ਕਥਿਤ ਤੌਰ ’ਤੇ ਆਮ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਬਦਲ ਕੇ ਉਨ੍ਹਾਂ ਦੀ ਥਾਂ ਤਸਕਰਾਂ ਦੇ ਸੂਟਕੇਸ ਬਾਹਰ ਭੇਜਣ ਦੇ ਮਾਮਲੇ ਵੀ ਸਾਹਮਣੇ ਆਏ ਸਨ। ਇਸ ਕਾਰਨ ਕਈ ਆਮ ਯਾਤਰੀ ਵੀ ਮੁਸ਼ਕਲਾਂ ਵਿੱਚ ਫਸ ਗਏ, ਕਿਉਂਕਿ ਉਨ੍ਹਾਂ ਦੇ ਸੂਟਕੇਸਾਂ ’ਤੇ ਨਸ਼ਿਆਂ ਵਾਲੇ ਸੂਟਕੇਸਾਂ ਦੇ ਟੈਗ ਲਗਾ ਦਿੱਤੇ ਗਏ ਸਨ।

ਇਸ ਮਾਮਲੇ ਦੀ ਗੂੰਜ ਕੈਨੇਡਾ ਦੀ ਰਾਜਧਾਨੀ ਔਟਵਾ ਸਥਿਤ ਪਾਰਲੀਮੈਂਟ ਵਿੱਚ ਵੀ ਸੁਣਾਈ ਦਿੱਤੀ ਸੀ। ਹੁਣ ਸਰਕਾਰ ਵੱਲੋਂ ਹਵਾਈ ਅੱਡਿਆਂ ਦੇ ਮੁਲਾਜ਼ਮਾਂ ਦੀ ਪਿਛੋਕੜ ਜਾਂਚ ਕਰਨ ਦੇ ਫ਼ੈਸਲੇ ਨੂੰ ਇਨ੍ਹਾਂ ਘਟਨਾਵਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।