ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਅਹਿਮ ਫ਼ੈਸਲਾ ਸੁਣਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਪੰਜ ਸਾਲ ਦੀ ਪੂਰੀ ਸੇਵਾ ਨਾ ਹੋਣ ਦੇ ਬਾਵਜੂਦ ਵੀ ਮੁਲਾਜ਼ਮ ਗ੍ਰੈਚੁਟੀ ਲੈਣ ਦਾ ਹੱਕਦਾਰ ਹੋ ਸਕਦਾ ਹੈ। ਇਸ ਲਈ ਸ਼ਰਤ ਇਹ ਹੈ ਕਿ ਉਸ ਨੇ ਸਬੰਧਤ 12 ਮਹੀਨਿਆਂ ਦੌਰਾਨ ਘੱਟੋ-ਘੱਟ 240 ਦਿਨ ਕੰਮ ਕੀਤਾ ਹੋਵੇ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਨੌਕਰੀ ਤੋਂ ਅਸਤੀਫ਼ਾ ਦੇਣ ਨਾਲ ਮੁਲਾਜ਼ਮ ਦਾ ਗ੍ਰੈਚੁਟੀ ਲੈਣ ਦਾ ਹੱਕ ਖ਼ਤਮ ਨਹੀਂ ਹੁੰਦਾ।
ਜਸਟਿਸ ਕੀਰਤੀ ਸਿੰਘ ਨੇ ਇੱਕ ਕੰਪਨੀ ਵੱਲੋਂ ਸਾਬਕਾ ਐੱਚ.ਆਰ. ਮੁਖੀ ਨੂੰ ਗ੍ਰੈਚੁਟੀ ਦੇਣ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਪੇਮੈਂਟ ਆਫ਼ ਗ੍ਰੈਚੁਟੀ ਐਕਟ, 1972 ਦੀ ਧਾਰਾ 2-ਏ(2) ਤਹਿਤ 240 ਦਿਨਾਂ ਦੀ ਸੇਵਾ ਵਾਲੀ ਵਿਵਸਥਾ ਨੌਕਰੀ ਖ਼ਤਮ ਹੋਣ ਦੇ ਕਾਰਨਾਂ ਤੋਂ ਸੁਤੰਤਰ ਤੌਰ ’ਤੇ ਲਾਗੂ ਹੁੰਦੀ ਹੈ।
ਮਾਮਲੇ ਅਨੁਸਾਰ, ਸਬੰਧਤ ਮੁਲਾਜ਼ਮ ਨੇ 22 ਸਤੰਬਰ 2014 ਨੂੰ ਕੰਪਨੀ ਵਿੱਚ ਐੱਚ.ਆਰ. ਮੁਖੀ ਵਜੋਂ ਨੌਕਰੀ ਸ਼ੁਰੂ ਕੀਤੀ ਸੀ। ਉਸ ਨੇ 2 ਅਪ੍ਰੈਲ 2019 ਨੂੰ ਈ-ਮੇਲ ਰਾਹੀਂ 60 ਦਿਨਾਂ ਦਾ ਨੋਟਿਸ ਦੇ ਕੇ ਅਸਤੀਫ਼ਾ ਦੇ ਦਿੱਤਾ। ਕੰਪਨੀ ਨੇ ਉਸੇ ਦਿਨ ਅਸਤੀਫ਼ਾ ਮਨਜ਼ੂਰ ਕਰ ਲਿਆ ਅਤੇ 30 ਅਪ੍ਰੈਲ 2019 ਨੂੰ ਉਸ ਨੂੰ ਨੌਕਰੀ ਤੋਂ ਫ਼ਾਰਗ ਕਰਨ ਦੀ ਤਰੀਕ ਤੈਅ ਕਰਦਿਆਂ ਬਾਕੀ ਨੋਟਿਸ ਪੀਰੀਅਡ ਦੇ ਬਦਲੇ ਇੱਕ ਮਹੀਨੇ ਦੀ ਤਨਖ਼ਾਹ ਵੀ ਦੇ ਦਿੱਤੀ। ਹਾਲਾਂਕਿ, ਮੁਲਾਜ਼ਮ ਦਾ ਦਾਅਵਾ ਸੀ ਕਿ ਉਸ ਦੀ ਸੇਵਾ 28 ਮਈ 2019 ਤੱਕ ਬਣਦੀ ਸੀ।
ਕੰਟਰੋਲਿੰਗ ਅਥਾਰਟੀ ਨੇ ਆਪਣੇ ਫ਼ੈਸਲੇ ਵਿੱਚ ਮੰਨਿਆ ਕਿ ਮੁਲਾਜ਼ਮ ਨੇ 4 ਸਾਲ ਅਤੇ 249 ਦਿਨ ਦੀ ਸੇਵਾ ਪੂਰੀ ਕੀਤੀ ਸੀ ਅਤੇ ਪੰਜਵੇਂ ਸਾਲ ਦੌਰਾਨ 240 ਦਿਨਾਂ ਤੋਂ ਵੱਧ ਕੰਮ ਕੀਤਾ ਸੀ। ਇਸ ਆਧਾਰ ’ਤੇ ਅਥਾਰਟੀ ਨੇ ਕੰਪਨੀ ਨੂੰ 2,88,462 ਰੁਪਏ ਗ੍ਰੈਚੁਟੀ ਅਤੇ 63,053 ਰੁਪਏ ਵਿਆਜ ਸਮੇਤ ਕੁੱਲ 3,51,515 ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਸਨ। ਨਾਲ ਹੀ ਨਿਰਧਾਰਤ ਸਮੇਂ ਵਿੱਚ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ 10 ਫ਼ੀਸਦੀ ਸਾਲਾਨਾ ਵਿਆਜ ਦੇਣ ਲਈ ਕਿਹਾ ਗਿਆ ਸੀ। 7 ਅਕਤੂਬਰ 2022 ਨੂੰ ਅਪੀਲ ਅਥਾਰਟੀ ਨੇ ਵੀ ਇਸ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ।
ਕੰਪਨੀ ਨੇ ਹਾਈ ਕੋਰਟ ਵਿੱਚ ਦਲੀਲ ਦਿੱਤੀ ਕਿ ਮੁਲਾਜ਼ਮ ਨੇ ਸਿਰਫ਼ 4 ਸਾਲ ਅਤੇ 216 ਦਿਨ ਕੰਮ ਕੀਤਾ ਸੀ ਅਤੇ 30 ਅਪ੍ਰੈਲ 2019 ਨੂੰ ਉਸ ਨੂੰ ਫ਼ਾਰਗ ਕਰ ਦਿੱਤਾ ਗਿਆ ਸੀ। ਕੰਪਨੀ ਮੁਤਾਬਕ, ਬਾਕੀ ਨੋਟਿਸ ਪੀਰੀਅਡ ਦੇ ਬਦਲੇ ਦਿੱਤੀ ਗਈ ਤਨਖ਼ਾਹ ਨੂੰ ਅਸਲ ਕੰਮ ਦੇ ਦਿਨਾਂ ਵਜੋਂ ਨਹੀਂ ਗਿਣਿਆ ਜਾ ਸਕਦਾ।
ਇਸ ਦੇ ਉਲਟ, ਜਸਟਿਸ ਕੀਰਤੀ ਸਿੰਘ ਨੇ ਨੋਟ ਕੀਤਾ ਕਿ ਜਿਰਾਹ ਦੌਰਾਨ ਕੰਪਨੀ ਦੇ ਇੱਕ ਗਵਾਹ ਨੇ ਵੀ ਮੰਨਿਆ ਸੀ ਕਿ ਨੋਟਿਸ ਪੀਰੀਅਡ 60 ਦਿਨਾਂ ਦਾ ਸੀ ਅਤੇ ਮੁਲਾਜ਼ਮ ਨੂੰ 28 ਮਈ 2019 ਨੂੰ ਫ਼ਾਰਗ ਕੀਤਾ ਜਾਣਾ ਸੀ।
ਹਾਈ ਕੋਰਟ ਨੇ ਕਿਹਾ ਕਿ ਕੰਟਰੋਲਿੰਗ ਅਥਾਰਟੀ ਅਤੇ ਅਪੀਲ ਅਥਾਰਟੀ ਵੱਲੋਂ ਦਿੱਤੇ ਗਏ ਫ਼ੈਸਲਿਆਂ ਵਿੱਚ ਕੋਈ ਤਰਕਹੀਣਤਾ ਜਾਂ ਅਧਿਕਾਰ ਖੇਤਰ ਦੀ ਖ਼ਾਮੀ ਨਹੀਂ ਹੈ। ਇਸ ਆਧਾਰ ’ਤੇ ਅਦਾਲਤ ਨੇ ਕੰਪਨੀ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਅਤੇ ਮੁਲਾਜ਼ਮ ਨੂੰ ਗ੍ਰੈਚੁਟੀ ਦੇਣ ਦੇ ਹੁਕਮ ਬਰਕਰਾਰ ਰੱਖੇ।








