ਕੈਲੀਫੋਰਨੀਆ ’ਚ ਪੰਜਾਬਣ ਜੈਸਮੀਨ ਗਿੱਲ ਦਾ ਕਤਲ, ਪਤਨੀ ਦੀ ਹੱਤਿਆ ਦੇ ਦੋਸ਼ ਹੇਠ ਪਤੀ ਗ੍ਰਿਫ਼ਤਾਰ
ਸੈਕਰਾਮੈਂਟੋ, 17 ਅਕਤੂਬਰ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ 30 ਸਤੰਬਰ ਤੋਂ ਲਾਪਤਾ ਪੰਜਾਬੀ ਮੂਲ ਦੀ ਔਰਤ ਜੈਸਮੀਨ ਔਜਲਾ ਗਿੱਲ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਰਾਮੈਂਟੋ ਕਾਊਂਟੀ ਸ਼ੈਰਿਫ ਦਫ਼ਤਰ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਉਸ ਦੇ ਪਤੀ ਗੁਰਿੰਦਰ ਗਿੱਲ ਨੂੰ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਜੈਸਮੀਨ ਦੇ ਚਚੇਰੇ ਭਰਾ ਨੇ 4 ਅਕਤੂਬਰ ਨੂੰ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਐਲ ਡੋਰਾਡੋ ਕਾਊਂਟੀ ਦੇ ਇਲਾਕੇ ਵਿੱਚੋਂ ਇੱਕ ਔਰਤ ਦੀ ਸੜੀ ਹੋਈ ਲਾਸ਼ ਮਿਲੀ ਸੀ। ਪੁਲੀਸ ਵੱਲੋਂ ਕੀਤੀ ਗਈ ਜਾਂਚ ਅਤੇ ਫੋਰੈਂਸਿਕ ਜਾਂਚ ਤੋਂ ਬਾਅਦ ਲਾਸ਼ ਦੀ ਪਛਾਣ ਜੈਸਮੀਨ ਗਿੱਲ ਵਜੋਂ ਕੀਤੀ ਗਈ।
ਜਾਂਚ ਦੌਰਾਨ ਮੁਲਜ਼ਮ ਪਤੀ ਗੁਰਿੰਦਰ ਗਿੱਲ ਨੇ ਪੁਲੀਸ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਘਰ ਦੇ ਬਾਹਰ ਡਾਕ ਚੈੱਕ ਕਰ ਰਹੀ ਸੀ, ਜਦੋਂ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ICE) ਦੇ ਅਧਿਕਾਰੀ ਉਸ ਨੂੰ ਆਪਣੇ ਨਾਲ ਲੈ ਗਏ। ਹਾਲਾਂਕਿ, ਜਦੋਂ ਜਾਂਚ ਅਧਿਕਾਰੀਆਂ ਨੇ ICE ਵਿਭਾਗ ਨਾਲ ਸੰਪਰਕ ਕੀਤਾ ਤਾਂ ਉੱਥੋਂ ਅਜਿਹੀ ਕਿਸੇ ਵੀ ਕਾਰਵਾਈ ਤੋਂ ਇਨਕਾਰ ਕੀਤਾ ਗਿਆ।
ਇਸ ਤੋਂ ਬਾਅਦ ਜਾਂਚਕਰਤਾਵਾਂ ਨੂੰ ਗੁਰਿੰਦਰ ਦੇ ਬਿਆਨਾਂ ਵਿੱਚ ਕਈ ਵਿਰੋਧਾਭਾਸ ਮਿਲੇ। ਪੁਲੀਸ ਨੂੰ ਇਹ ਵੀ ਪਤਾ ਲੱਗਾ ਕਿ ਪਤੀ-ਪਤਨੀ ਵਿਚਕਾਰ ਤਲਾਕ ਅਤੇ ਬੱਚੇ ਦੀ ਕਸਟਡੀ ਨੂੰ ਲੈ ਕੇ ਕਾਨੂੰਨੀ ਵਿਵਾਦ ਚੱਲ ਰਿਹਾ ਸੀ।
ਜਾਂਚ ਦੌਰਾਨ ਇਕੱਠੇ ਕੀਤੇ ਸਬੂਤਾਂ ਦੇ ਆਧਾਰ ’ਤੇ ਹੋਮੀਸਾਈਡ ਜਾਂਚ ਅਧਿਕਾਰੀਆਂ ਨੇ ਗੁਰਿੰਦਰ ਗਿੱਲ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤੇ ਅਤੇ 14 ਅਕਤੂਬਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਵੱਲੋਂ ਮੁਲਜ਼ਮ ਨਾਲ ਸਬੰਧਤ ਦੋ ਰਿਹਾਇਸ਼ਾਂ ਦੀ ਤਲਾਸ਼ੀ ਵੀ ਲਈ ਗਈ ਹੈ।
ਫਿਲਹਾਲ ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।







