ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ: ਇਸ ਵਾਰ ਬਾਸਮਤੀ ਦੀ ਬੰਪਰ ਪੈਦਾਵਾਰ ਦੀ ਉਮੀਦ

ਪੰਜਾਬ ’ਚ ਬਾਸਮਤੀ ਦੀ ਪੈਦਾਵਾਰ 35 ਲੱਖ ਮੀਟ੍ਰਿਕ ਟਨ ਤੱਕ ਪੁੱਜਣ ਦੀ ਉਮੀਦ, ਕਿਸਾਨਾਂ ਨੂੰ ਮਿਲ ਰਹੇ ਚੰਗੇ ਭਾਅ

ਪੰਜਾਬ ਵਿੱਚ ਐਤਕੀਂ ਬਾਸਮਤੀ ਦੀ ਬੰਪਰ ਪੈਦਾਵਾਰ ਹੋਣ ਦੇ ਆਸਾਰ ਹਨ। ਫ਼ਸਲ ਦੇ ਸ਼ੁਰੂਆਤੀ ਭਾਅ ਵੀ ਕਿਸਾਨਾਂ ਲਈ ਚੰਗੇ ਸੰਕੇਤ ਦੇ ਰਹੇ ਹਨ, ਹਾਲਾਂਕਿ ਅਣਕਿਆਸੇ ਮੀਂਹ ਕਾਰਨ ਮਾਝੇ ਦੇ ਕੁਝ ਇਲਾਕਿਆਂ ਵਿੱਚ ਬਾਸਮਤੀ ਦੀ ਫ਼ਸਲ ਵਿਛ ਗਈ ਹੈ। ਇਸ ਵਾਰ ਸੂਬੇ ਵਿੱਚ ਬਾਸਮਤੀ ਹੇਠ ਲਗਭਗ 7.2 ਲੱਖ ਹੈਕਟੇਅਰ ਰਕਬਾ ਹੈ, ਜਦੋਂਕਿ ਪਿਛਲੇ ਸਾਲ ਇਹ ਰਕਬਾ 6.7 ਲੱਖ ਹੈਕਟੇਅਰ ਸੀ।

ਸ਼ੁਰੂਆਤੀ ਅਨੁਮਾਨਾਂ ਮੁਤਾਬਕ ਬਾਸਮਤੀ ਦਾ ਝਾੜ 21 ਤੋਂ 23 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਰਿਹਾ ਹੈ, ਜਦੋਂਕਿ ਪਿਛਲੇ ਸਾਲ ਇਹ 16 ਤੋਂ 18 ਕੁਇੰਟਲ ਪ੍ਰਤੀ ਏਕੜ ਸੀ। ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਸਰਵੇਖਣ ਵਿੱਚ ਵੀ ਪੰਜਾਬ ’ਚ ਬਾਸਮਤੀ ਦੀ ਭਰਪੂਰ ਫ਼ਸਲ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਅਤੇ ਮੀਤ ਪ੍ਰਧਾਨ ਰਣਜੀਤ ਸਿੰਘ ਜੋਸਨ ਅਨੁਸਾਰ ਮੱਧ ਪੂਰਬੀ ਦੇਸ਼ ਖ਼ੁਰਾਕ ਸੁਰੱਖਿਆ ਦੇ ਮੱਦੇਨਜ਼ਰ ਅਨਾਜ ਦਾ ਭੰਡਾਰ ਕਰਨ ਲੱਗੇ ਹਨ, ਜਿਸ ਕਾਰਨ ਬਾਸਮਤੀ ਦੀ ਮੰਗ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਮੁਤਾਬਕ ਪੰਜਾਬ ਵਿੱਚ ਬਾਸਮਤੀ ਦਾ ਝਾੜ 23 ਤੋਂ 24 ਕੁਇੰਟਲ ਪ੍ਰਤੀ ਏਕੜ ਤੱਕ ਪਹੁੰਚ ਰਿਹਾ ਹੈ ਅਤੇ ਇਸ ਦੇ ਆਧਾਰ ’ਤੇ ਸੂਬੇ ਵਿੱਚ ਕੁੱਲ ਪੈਦਾਵਾਰ 35 ਲੱਖ ਮੀਟ੍ਰਿਕ ਟਨ ਤੱਕ ਹੋਣ ਦੀ ਸੰਭਾਵਨਾ ਹੈ।

ਬਾਸਮਤੀ ਦੇ ਭਾਅ ਪਿਛਲੇ ਸਾਲ ਨਾਲੋਂ ਵੱਧ

ਇਸ ਵੇਲੇ ਬਾਸਮਤੀ ਦਾ ਭਾਅ 4,000 ਤੋਂ 4,200 ਰੁਪਏ ਪ੍ਰਤੀ ਕੁਇੰਟਲ ਦੇ ਆਸ-ਪਾਸ ਚੱਲ ਰਿਹਾ ਹੈ, ਜਦੋਂਕਿ ਪਿਛਲੇ ਸਾਲ ਇਹ 3,000 ਤੋਂ 3,200 ਰੁਪਏ ਪ੍ਰਤੀ ਕੁਇੰਟਲ ਸੀ। ਬਾਸਮਤੀ ਦੀ 1509 ਕਿਸਮ ਦਾ ਝਾੜ ਸਭ ਤੋਂ ਵੱਧ ਦੱਸਿਆ ਜਾ ਰਿਹਾ ਹੈ।

ਕੋਟਕਪੂਰਾ ਮੰਡੀ ਵਿੱਚ 1718 ਕਿਸਮ ਦਾ ਭਾਅ 4,100 ਰੁਪਏ ਪ੍ਰਤੀ ਕੁਇੰਟਲ ਰਿਹਾ, ਜਦੋਂਕਿ 1509 ਕਿਸਮ 4,000 ਤੋਂ 4,400 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਣ ਦੀ ਜਾਣਕਾਰੀ ਹੈ। ਅੰਮ੍ਰਿਤਸਰ ਮੰਡੀ ਵਿੱਚ ਬਾਸਮਤੀ ਦਾ ਭਾਅ 4,300 ਰੁਪਏ ਤੱਕ ਪਹੁੰਚਿਆ ਹੈ। ਹਰਪ੍ਰੀਤ ਸਿੰਘ ਬਟਾਲਾ ਨੇ ਦੱਸਿਆ ਕਿ ਬਟਾਲਾ ਮੰਡੀ ਵਿੱਚ ਵੀ ਬਾਸਮਤੀ ਦੀ ਫ਼ਸਲ 4,500 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਚੁੱਕੀ ਹੈ।

ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਲਗਭਗ 7 ਲੱਖ ਮੀਟ੍ਰਿਕ ਟਨ ਬਾਸਮਤੀ ਦੀ ਆਮਦ ਹੋ ਚੁੱਕੀ ਹੈ। ਕੇਂਦਰੀ ਏਜੰਸੀਆਂ ਦੇ ਸਰਵੇਖਣ ਅਨੁਸਾਰ ਸੂਬੇ ਵਿੱਚ ਬਾਸਮਤੀ ਦੀ ਪੈਦਾਵਾਰ 30 ਲੱਖ ਮੀਟ੍ਰਿਕ ਟਨ ਰਹਿਣ ਦਾ ਅਨੁਮਾਨ ਹੈ, ਜਦੋਂਕਿ ਨਿਰਯਾਤਕਾਂ ਦੀ ਐਸੋਸੀਏਸ਼ਨ ਵੱਲੋਂ ਇਹ ਅੰਕੜਾ 35 ਲੱਖ ਮੀਟ੍ਰਿਕ ਟਨ ਤੱਕ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਮੱਧ ਪੂਰਬੀ ਦੇਸ਼ਾਂ ਵਿੱਚ ਮੰਗ ਵਧਣ ਨਾਲ ਨਿਰਯਾਤ ਨੂੰ ਹੁਲਾਰਾ

ਭਾਰਤ ਦੀ ਕੁੱਲ ਬਾਸਮਤੀ ਬਰਾਮਦ ਦਾ ਲਗਭਗ 70 ਫ਼ੀਸਦੀ ਹਿੱਸਾ ਮੱਧ ਪੂਰਬੀ ਦੇਸ਼ਾਂ ਨੂੰ ਜਾਂਦਾ ਹੈ। ਪਿਛਲੇ ਸਾਲ ਭਾਰਤ ਵਿੱਚੋਂ ਕਰੀਬ 65 ਲੱਖ ਮੀਟ੍ਰਿਕ ਟਨ ਬਾਸਮਤੀ ਬਰਾਮਦ ਕੀਤੀ ਗਈ ਸੀ। ਇਸ ਵਾਰ ਮੰਗ ਵਿੱਚ ਵਾਧੇ ਨਾਲ ਬਾਸਮਤੀ ਕਾਰੋਬਾਰ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਬਾਸਮਤੀ ਦੀ ਵੱਡੇ ਪੱਧਰ ’ਤੇ ਕਾਸ਼ਤ ਕੀਤੀ ਜਾਂਦੀ ਹੈ। ਸੂਬੇ ਵਿੱਚ ਬਾਸਮਤੀ ਦਾ ਕਾਰੋਬਾਰ ਕਰਨ ਵਾਲੀਆਂ ਲਗਭਗ 250 ਚੌਲ ਮਿੱਲਾਂ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ ਕਰੀਬ 45 ਲੱਖ ਮੀਟ੍ਰਿਕ ਟਨ ਹੈ।

ਰਣਜੀਤ ਸਿੰਘ ਜੋਸਨ ਅਨੁਸਾਰ ਪਿਛਲੇ ਸਾਲਾਂ ਦੌਰਾਨ ਸ਼ੈੱਲਰਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਲਈ ਦੂਜੇ ਸੂਬਿਆਂ ਤੋਂ ਵੀ ਬਾਸਮਤੀ ਮੰਗਵਾਉਣੀ ਪੈਂਦੀ ਸੀ। ਇਸ ਵਾਰ ਉੱਤਰ ਪ੍ਰਦੇਸ਼ ਵਿੱਚ ਵੀ ਬਾਸਮਤੀ ਦੀ ਪੈਦਾਵਾਰ ਚੰਗੀ ਹੋਣ ਦੇ ਅਨੁਮਾਨ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸਾਲ 2014-15 ਦੌਰਾਨ ਬਾਸਮਤੀ ਹੇਠ ਰਿਕਾਰਡ 8.57 ਲੱਖ ਹੈਕਟੇਅਰ ਰਕਬਾ ਸੀ ਅਤੇ ਉਸ ਸਾਲ 36 ਲੱਖ ਮੀਟ੍ਰਿਕ ਟਨ ਫ਼ਸਲ ਦੀ ਪੈਦਾਵਾਰ ਹੋਈ ਸੀ। ਐਤਕੀਂ ਵਧੇ ਹੋਏ ਰਕਬੇ ਅਤੇ ਚੰਗੇ ਝਾੜ ਕਾਰਨ ਬਾਸਮਤੀ ਉਤਪਾਦਨ ਵਿੱਚ ਵਾਧੇ ਦੀ ਉਮੀਦ ਹੈ, ਪਰ ਮੀਂਹ ਕਾਰਨ ਫ਼ਸਲ ਨੂੰ ਹੋਏ ਨੁਕਸਾਨ ਅਤੇ ਮੰਡੀਆਂ ਵਿੱਚ ਭਾਅ ਦਾ ਰੁਖ਼ ਵੀ ਕਿਸਾਨਾਂ ਲਈ ਅਹਿਮ ਰਹੇਗਾ।