ਰੂਸੀ ਤੇਲ ਸੋਧਕ ਕਾਰਖਾਨਿਆਂ ’ਤੇ ਹਮਲੇ ਰੋਕੋ, ਨਹੀਂ ਤਾਂ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰ ਦੇਵਾਂਗੇ: ਅਮਰੀਕਾ ਦੀ ਚਿਤਾਵਨੀ
ਅਮਰੀਕਾ ਨੇ ਯੂਕਰੇਨ ’ਤੇ ਰੂਸ ਦੇ ਊਰਜਾ ਢਾਂਚੇ, ਖ਼ਾਸ ਕਰਕੇ ਤੇਲ ਸੋਧਕ ਕਾਰਖਾਨਿਆਂ ’ਤੇ ਹਮਲੇ ਰੋਕਣ ਲਈ ਦਬਾਅ ਵਧਾ ਦਿੱਤਾ ਹੈ। ਯੂਰਪੀ ਅਧਿਕਾਰੀਆਂ ਦੇ ਹਵਾਲੇ ਨਾਲ ਸਾਹਮਣੇ ਆਈ ਰਿਪੋਰਟ ਮੁਤਾਬਕ, ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਯੂਕਰੇਨ ਨੇ ਰੂਸੀ ਤੇਲ ਸੋਧਕ ਕਾਰਖਾਨਿਆਂ ’ਤੇ ਹਮਲੇ ਜਾਰੀ ਰੱਖੇ ਤਾਂ ਉਸ ਨੂੰ ਹਥਿਆਰ ਮੁਹੱਈਆ ਕਰਵਾਉਣ ਦੀ ਵਿਵਸਥਾ ਬੰਦ ਕੀਤੀ ਜਾ ਸਕਦੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਅਤੇ ਯੂਕਰੇਨ ਵਿਚਾਲੇ ਊਰਜਾ ਖੇਤਰ ਵਿੱਚ ਤੁਰੰਤ ਜੰਗਬੰਦੀ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਦੋਵੇਂ ਧਿਰਾਂ ਇਸ ਲਈ ਸਹਿਮਤ ਹੋ ਗਈਆਂ ਹਨ ਅਤੇ ਕਿਸੇ ਨੂੰ ਵੀ ਇਸ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਹਾਲਾਂਕਿ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹ ਅਜੇ ਸਮਝੌਤੇ ਦੇ ਵੇਰਵਿਆਂ ਦੀ ਉਡੀਕ ਕਰ ਰਹੇ ਹਨ।
ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ’ਤੇ ਵੀ ਰੋਕ ਲਾਉਣ ਦੀ ਚਿਤਾਵਨੀ
ਰਿਪੋਰਟ ਅਨੁਸਾਰ, ਅਮਰੀਕੀ ਅਧਿਕਾਰੀ ਯੂਰਪੀ ਦੇਸ਼ਾਂ ਅਤੇ ਯੂਕਰੇਨ ਨਾਲ ਸੰਪਰਕ ਕਰਕੇ ਰੂਸੀ ਤੇਲ ਸੋਧਕ ਕਾਰਖਾਨਿਆਂ ’ਤੇ ਹਮਲੇ ਰੋਕਣ ਲਈ ਦਬਾਅ ਪਾ ਰਹੇ ਹਨ। ਅਮਰੀਕਾ ਵੱਲੋਂ ਯੂਕਰੇਨ ਨਾਲ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਅਤੇ ਅਮਰੀਕੀ ਹਥਿਆਰ ਖ਼ਰੀਦਣ ਲਈ ਬਣਾਈ ਗਈ ਤਰਜੀਹੀ ਵਿਵਸਥਾ ‘ਪਰਲ’ (PURL) ਨੂੰ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਇਸ ਤੋਂ ਇੱਕ ਦਿਨ ਪਹਿਲਾਂ ਟਰੰਪ ਨੇ ਸੁਝਾਅ ਦਿੱਤਾ ਸੀ ਕਿ ਯੂਕਰੇਨ ਨੂੰ ਨਵਾਂ ਰਾਸ਼ਟਰਪਤੀ ਚੁਣਨਾ ਚਾਹੀਦਾ ਹੈ, ਜੋ ਰੂਸ ਨਾਲ ਜੰਗ ਖ਼ਤਮ ਕਰਨ ਲਈ ਸਮਝੌਤਾ ਕਰ ਸਕੇ। ਉਨ੍ਹਾਂ ਨੇ ਜ਼ੇਲੈਂਸਕੀ ਨੂੰ ਰੂਸੀ ਤੇਲ ਸੋਧਕ ਕਾਰਖਾਨਿਆਂ ’ਤੇ ਹਮਲੇ ਕਰਨ ਤੋਂ ਵੀ ਵਰਜਿਆ ਸੀ।
ਟਰੰਪ ਨੇ ਜ਼ੇਲੈਂਸਕੀ ਦੀ ਪਹੁੰਚ ’ਤੇ ਚੁੱਕੇ ਸਵਾਲ
ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੇ ਜ਼ੇਲੈਂਸਕੀ ਨੂੰ ਖ਼ਾਸ ਤੌਰ ’ਤੇ ਰੂਸੀ ਤੇਲ ਸੋਧਕ ਕਾਰਖਾਨਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਿਆ ਸੀ। ਉਨ੍ਹਾਂ ਮੁਤਾਬਕ, ਅਜਿਹੇ ਹਮਲਿਆਂ ਨਾਲ ਦੁਨੀਆ ਭਰ ਵਿੱਚ ਬਾਲਣ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਦਾ ਅਸਰ ਅਮਰੀਕੀ ਕਿਸਾਨਾਂ ਅਤੇ ਪਸ਼ੂ ਪਾਲਕਾਂ ’ਤੇ ਵੀ ਪੈ ਸਕਦਾ ਹੈ।
ਟਰੰਪ ਨੇ ਰੂਸ ਨਾਲ ਸ਼ਾਂਤੀ ਵਾਰਤਾ ਨੂੰ ਲੈ ਕੇ ਜ਼ੇਲੈਂਸਕੀ ਦੀ ਪਹੁੰਚ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਯੂਕਰੇਨ ਨੂੰ ਅਜਿਹੇ ਆਗੂ ਦੀ ਲੋੜ ਹੈ, ਜੋ ਸਮਝੌਤਾ ਕਰਨ ਦੇ ਸਮਰੱਥ ਹੋਵੇ।
ਉਨ੍ਹਾਂ ਕਿਹਾ, “ਮੇਰਾ ਸੁਝਾਅ ਹੈ ਕਿ ਉਨ੍ਹਾਂ ਨੂੰ ਨਵਾਂ ਆਗੂ ਚੁਣਨਾ ਚਾਹੀਦਾ ਹੈ, ਜੋ ਸਮਝੌਤਾ ਕਰ ਸਕੇ, ਕਿਉਂਕਿ ਉਹ ਕਈ ਸਮਝੌਤੇ ਕਰ ਸਕਦਾ ਸੀ, ਪਰ ਕਿਸੇ ਕਾਰਨ ਉਹ ਅਜਿਹਾ ਨਹੀਂ ਕਰਦਾ।”
ਟਰੰਪ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਵਿੱਚ ਹੁਣ ਯੂਕਰੇਨ ਲਈ ਨਵਾਂ ਰਾਸ਼ਟਰਪਤੀ ਚੁਣਨ ਦਾ ਸਮਾਂ ਆ ਗਿਆ ਹੈ।







