ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਨਵੀਂ ਪਹਿਲ, ਤਾਲਮੇਲ ਕਮੇਟੀ ਗਠਿਤ

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਕੌਮੀ ਏਕਤਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੀਆਂ ਹਮਖਿਆਲੀ ਅਤੇ ਵੱਖ-ਵੱਖ ਖੇਤਰਾਂ ਵਿੱਚ ਸਰਗਰਮ ਜਥੇਬੰਦੀਆਂ ਨਾਲ ਸੰਪਰਕ ਤੇ ਸਾਂਝ ਵਧਾਉਣ ਲਈ ‘ਤਾਲਮੇਲ ਕਮੇਟੀ’ ਦਾ ਗਠਨ ਕੀਤਾ ਹੈ।

ਪਾਰਟੀ ਵੱਲੋਂ ਜਾਰੀ ਪੱਤਰ ਮੁਤਾਬਕ ਸੁਖਵਿੰਦਰ ਸਿੰਘ ਅਗਵਾਨ ਨੂੰ ਕਮੇਟੀ ਦਾ ਕੋਆਰਡੀਨੇਟਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਗਟ ਸਿੰਘ ਰਈਆ ਅਤੇ ਪ੍ਰੋ. ਰਣਜੀਤ ਸਿੰਘ ਧਨੋਆ ਨੂੰ ਕਮੇਟੀ ਦੇ ਮੈਂਬਰ ਬਣਾਇਆ ਗਿਆ ਹੈ।

ਇਹ ਕਮੇਟੀ ਪੰਜਾਬ ਦੀਆਂ ਰਾਜਨੀਤਿਕ, ਕਿਸਾਨ, ਮਜ਼ਦੂਰ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨਾਲ ਸੰਪਰਕ ਕਾਇਮ ਕਰਕੇ ਉਨ੍ਹਾਂ ਨਾਲ ਤਾਲਮੇਲ ਵਧਾਉਣ ਲਈ ਕੰਮ ਕਰੇਗੀ। ਪਾਰਟੀ ਅਨੁਸਾਰ ਕਮੇਟੀ ਦਾ ਮੁੱਖ ਮਕਸਦ ਹਮਖਿਆਲੀ ਧਿਰਾਂ ਨਾਲ ਵਿਚਾਰ-ਵਟਾਂਦਰੇ ਨੂੰ ਅੱਗੇ ਵਧਾਉਣਾ ਅਤੇ ਸਾਂਝੇ ਮੁੱਦਿਆਂ ’ਤੇ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣਾ ਹੈ।

ਇਸ ਦੇ ਨਾਲ ਹੀ ਕਮੇਟੀ ਨੂੰ ਹੋਰਨਾਂ ਜਥੇਬੰਦੀਆਂ ਜਾਂ ਧਿਰਾਂ ਵੱਲੋਂ ਪਾਰਟੀ ਵਿੱਚ ਸ਼ਾਮਲ ਹੋਣ ਦੇ ਇੱਛੁਕ ਅਹੁਦੇਦਾਰਾਂ ਬਾਰੇ ਵਿਚਾਰ ਕਰਨ ਅਤੇ ਉਨ੍ਹਾਂ ਨੂੰ ਯੋਗਤਾ ਤੇ ਹੋਰ ਪੱਖਾਂ ਦੀ ਸਮੀਖਿਆ ਤੋਂ ਬਾਅਦ ਪਾਰਟੀ ਵਿੱਚ ਸ਼ਾਮਲ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ।

ਪਾਰਟੀ ਨੇ ਆਪਣੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਤਾਲਮੇਲ ਕਮੇਟੀ ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਸਾਂਝੇ ਯਤਨਾਂ ਅਤੇ ਆਪਸੀ ਤਾਲਮੇਲ ਰਾਹੀਂ ਕੌਮੀ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।