ਲੰਬੇ ਵੀਕੈਂਡ ’ਤੇ ਸ਼ਿਮਲਾ, ਮਨਾਲੀ ਤੇ ਧਰਮਸ਼ਾਲਾ ਸੈਲਾਨੀਆਂ ਨਾਲ ਖਚਾਖਚ

ਲੰਮੇ ਵੀਕਐਂਡ ’ਤੇ ਸ਼ਿਮਲਾ, ਮਨਾਲੀ ਤੇ ਧਰਮਸ਼ਾਲਾ ’ਚ ਸੈਲਾਨੀਆਂ ਦੀ ਭਾਰੀ ਆਮਦ, ਸੜਕਾਂ ’ਤੇ ਲੱਗੇ ਜਾਮ

ਲੰਮੇ ਵੀਕਐਂਡ ਦੀਆਂ ਛੁੱਟੀਆਂ ਕਾਰਨ ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਸ਼ਿਮਲਾ, ਮਨਾਲੀ ਅਤੇ ਧਰਮਸ਼ਾਲਾ ਵਿੱਚ ਸੈਲਾਨੀਆਂ ਦੀ ਵੱਡੀ ਗਿਣਤੀ ਪਹੁੰਚ ਰਹੀ ਹੈ। ਸੈਲਾਨੀਆਂ ਦੀ ਵਧੀ ਆਮਦ ਕਾਰਨ ਪਹਾੜੀ ਸ਼ਹਿਰਾਂ ਦੀਆਂ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ ਅਤੇ ਕਈ ਥਾਵਾਂ ’ਤੇ ਟਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ। ਸੈਰ-ਸਪਾਟਾ ਉਦਯੋਗ ਨਾਲ ਜੁੜੇ ਨੁਮਾਇੰਦਿਆਂ ਮੁਤਾਬਕ ਇਨ੍ਹਾਂ ਪ੍ਰਮੁੱਖ ਸ਼ਹਿਰਾਂ ਵਿੱਚ ਹੋਟਲਾਂ ਦੀ ਬੁਕਿੰਗ 60 ਤੋਂ 80 ਫੀਸਦੀ ਤੱਕ ਪਹੁੰਚ ਗਈ ਹੈ।

ਫੈਡਰੇਸ਼ਨ ਆਫ ਹਿਮਾਚਲ ਹੋਟਲਜ਼ ਐਂਡ ਰੈਸਟੋਰੈਂਟ ਐਸੋਸੀਏਸ਼ਨ (FOHHRA) ਦੇ ਪ੍ਰਧਾਨ ਗਜੇਂਦਰ ਠਾਕੁਰ ਨੇ ਦੱਸਿਆ ਕਿ ਲੰਮੇ ਵੀਕਐਂਡ ਦੌਰਾਨ ਸੈਲਾਨੀਆਂ ਦੀ ਆਮਦ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਲੋਕ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਦਾ ਰੁਖ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੀ ਸਹੂਲਤ ਲਈ ਜਿੱਥੇ ਅਕਸਰ ਟਰੈਫਿਕ ਜਾਮ ਲੱਗਦੇ ਹਨ, ਉੱਥੇ ‘ਟੂਰਿਸਟ ਪ੍ਰੋਟੈਕਸ਼ਨ ਪੁਲੀਸ’ ਦੀ ਤਾਇਨਾਤੀ ਦੀ ਮੰਗ ਸਰਕਾਰ ਕੋਲ ਪਹਿਲਾਂ ਹੀ ਰੱਖੀ ਗਈ ਹੈ।

ਮਨਾਲੀ ਅਤੇ ਸ਼ਿਮਲਾ ਵਿੱਚ ਟਰੈਫਿਕ ਦੀ ਰਫ਼ਤਾਰ ਕਾਫ਼ੀ ਹੌਲੀ ਹੋ ਗਈ ਹੈ। ਦਿੱਲੀ ਤੋਂ ਆਏ ਇੱਕ ਸੈਲਾਨੀ ਅਸ਼ੋਕ ਨੇ ਦੱਸਿਆ ਕਿ ਸ਼ਿਮਲਾ ਵਿੱਚ ਵਾਹਨਾਂ ਦੀ ਭੀੜ ਕਾਰਨ ਆਵਾਜਾਈ ਬਹੁਤ ਹੌਲੀ ਚੱਲ ਰਹੀ ਹੈ ਅਤੇ ਪਾਰਕਿੰਗ ਲਈ ਥਾਂ ਲੱਭਣਾ ਵੀ ਮੁਸ਼ਕਲ ਹੋ ਰਿਹਾ ਹੈ।

ਉਧਰ, ਕਾਂਗੜਾ ਜ਼ਿਲ੍ਹੇ ਵਿੱਚ ਵਧੀ ਸੈਲਾਨੀਆਂ ਦੀ ਆਮਦ ਦੇ ਮੱਦੇਨਜ਼ਰ ਪੁਲੀਸ ਵੱਲੋਂ ਸੁਰੱਖਿਆ ਅਤੇ ਟਰੈਫਿਕ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਐੱਸਪੀ ਕੁਲਭੂਸ਼ਣ ਵਰਮਾ ਨੇ ਦੱਸਿਆ ਕਿ ਮੈਕਲੋਡਗੰਜ, ਧਰਮਸ਼ਾਲਾ ਅਤੇ ਬੀੜ-ਬਿਲਿੰਗ ਵਿੱਚ ਸੈਲਾਨੀਆਂ ਦੀ ਗਿਣਤੀ ਵਧਣ ਕਾਰਨ ਵਾਧੂ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ।

ਮੈਕਲੋਡਗੰਜ, ਧਰਮਕੋਟ ਅਤੇ ਭਾਗਸੂ ਖੇਤਰਾਂ ਵਿੱਚ ਵਾਧੂ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਇਸ ਤੋਂ ਇਲਾਵਾ ਐੱਸਐੱਚਓ ਅਤੇ ਡੀਐੱਸਪੀ ਪੱਧਰ ਦੇ ਅਧਿਕਾਰੀ ਖੁਦ ਮੌਕੇ ’ਤੇ ਟਰੈਫਿਕ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਤ੍ਰਿਉਂਡ ਟਰੈਕ ’ਤੇ ਜਾਣ ਵਾਲੇ ਸੈਲਾਨੀਆਂ ਦੀ ਸੁਰੱਖਿਆ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਐਮਰਜੈਂਸੀ ਹਾਲਾਤ ਨਾਲ ਤੁਰੰਤ ਨਜਿੱਠਣ ਲਈ ਮੈਕਲੋਡਗੰਜ ਵਿੱਚ ਇੱਕ ‘ਕੁਇੱਕ ਰਿਐਕਸ਼ਨ ਟੀਮ’ ਵੀ ਤਾਇਨਾਤ ਕੀਤੀ ਗਈ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਟਰੈਫਿਕ ਨੂੰ ਸੁਚਾਰੂ ਰੱਖਣ ਲਈ ਹਰ 100 ਤੋਂ 150 ਮੀਟਰ ਦੀ ਦੂਰੀ ’ਤੇ ਪੁਲੀਸ ਅਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਹਨ। ਇਸ ਦੇ ਨਾਲ ਹੀ ਗਲਤ ਢੰਗ ਨਾਲ ਪਾਰਕ ਕੀਤੇ ਵਾਹਨਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ।