ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਇੱਕ ਵਿਦਿਆਰਥਣ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਨੂੰ ਲੈ ਕੇ ਸ਼ਨਿੱਚਰਵਾਰ ਦੇਰ ਰਾਤ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਐਤਵਾਰ ਤੱਕ ਜਾਰੀ ਰਿਹਾ। ਪ੍ਰਦਰਸ਼ਨ ਦੌਰਾਨ ਕੈਂਪਸ ਵਿੱਚ ਭੰਨਤੋੜ, ਪੱਥਰਬਾਜ਼ੀ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ। ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ, ਕੁਰਸੀਆਂ ਅਤੇ ਹੋਰ ਸਮਾਨ ਸੁੱਟਿਆ, ਜਦਕਿ ਕੁਝ ਥਾਵਾਂ ’ਤੇ ਮਾਮੂਲੀ ਅੱਗ ਲੱਗਣ ਦੀਆਂ ਘਟਨਾਵਾਂ ਵੀ ਹੋਈਆਂ।
ਐਤਵਾਰ ਸ਼ਾਮ ਨੂੰ ਹਾਲਾਤ ਮੁੜ ਤਣਾਅਪੂਰਨ ਹੋ ਗਏ ਅਤੇ ਵਿਦਿਆਰਥੀਆਂ ਵੱਲੋਂ ਪੁਲਿਸ ਦੀ ਇੱਕ ਗੱਡੀ ਨੂੰ ਅੱਗ ਲਗਾਏ ਜਾਣ ਦੀ ਗੱਲ ਵੀ ਸਾਹਮਣੇ ਆਈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਹਾਈਵੇਅ ਖਾਲੀ ਨਾ ਕਰਨ ’ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਦੂਜੇ ਪਾਸੇ ਪੁਲਿਸ ਨੇ ਲਾਠੀਚਾਰਜ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ’ਤੇ ਪੱਥਰ ਸੁੱਟੇ ਗਏ।
ਵਧਦੇ ਤਣਾਅ ਦੇ ਮੱਦੇਨਜ਼ਰ LPU ਪ੍ਰਸ਼ਾਸਨ ਨੇ ਕੈਂਪਸ ਵਿੱਚ ਨਿਯਮਤ ਕਲਾਸਾਂ 28 ਸਤੰਬਰ ਤੋਂ 10 ਦਿਨਾਂ ਲਈ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਵੱਲੋਂ ਕਿਹਾ ਗਿਆ ਕਿ ਇਹ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਇਸ ਮਾਮਲੇ ਵਿੱਚ ਕਪੂਰਥਲਾ ਪੁਲਿਸ ਨੇ ਐਤਵਾਰ ਨੂੰ ਇੱਕ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਦੇ ਦੋਸ਼ਾਂ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ FIR ਦਰਜ ਕੀਤੀ। ਮਾਮਲਾ ਸਤਨਾਮਪੁਰਾ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 64 ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ।
ਇਸ ਦੇ ਨਾਲ ਹੀ LPU ਪ੍ਰਸ਼ਾਸਨ ਨੇ ਕਥਿਤ ਬਲਾਤਕਾਰ ਨਾਲ ਜੁੜੀਆਂ ਕਈ ਗੱਲਾਂ ਨੂੰ ਅਫਵਾਹਾਂ ਅਤੇ ਬੇਬੁਨਿਆਦ ਦੱਸਿਆ ਹੈ। ਯੂਨੀਵਰਸਿਟੀ ਵੱਲੋਂ GH3 ਹੋਸਟਲ ਦੇ ਕਮਰਾ ਨੰਬਰ 504 ਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ, ਜਿਸ ਵਿੱਚ ਉੱਥੇ ਰਹਿ ਰਹੀਆਂ ਤਿੰਨ ਵਿਦਿਆਰਥਣਾਂ ਨੇ ਕਿਹਾ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਉਸ ਕਮਰੇ ਵਿੱਚ ਰਹਿ ਰਹੀਆਂ ਹਨ ਅਤੇ ਉਨ੍ਹਾਂ ਮੁਤਾਬਕ ਉੱਥੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ।
ਵਾਇਰਲ ਵੀਡੀਓਜ਼ ਵਿੱਚ ਵਿਦਿਆਰਥੀਆਂ ਦੀ ਵੱਡੀ ਭੀੜ ਗਰਲਜ਼ ਹੋਸਟਲ ਨੰਬਰ 4 ਦੇ ਬਾਹਰ ਦਿਖਾਈ ਦਿੱਤੀ। ਕੁਝ ਵਿਦਿਆਰਥੀਆਂ ਵੱਲੋਂ ਖਿੜਕੀਆਂ ਦੇ ਸ਼ੀਸ਼ੇ ਤੋੜਨ, ਕੈਂਪਸ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਵੱਖ-ਵੱਖ ਵਸਤੂਆਂ ਸੁੱਟਣ ਦੇ ਦ੍ਰਿਸ਼ ਵੀ ਸਾਹਮਣੇ ਆਏ। ਕੈਂਪਸ ਵਿੱਚ ਪ੍ਰਦਰਸ਼ਨੀ ਲਈ ਰੱਖੇ ਇੱਕ ਮਿਗ-23 ਜਹਾਜ਼ ਅਤੇ ਫੌਜੀ ਟੈਂਕ ਉੱਤੇ ਵਿਦਿਆਰਥੀਆਂ ਦੇ ਚੜ੍ਹਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ।
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਦਾਅਵਾ ਸੀ ਕਿ 23 ਸਤੰਬਰ ਨੂੰ GH3 ਹੋਸਟਲ ਵਿੱਚ ਇੱਕ ਬਾਹਰੀ ਮਜ਼ਦੂਰ ਵੱਲੋਂ ਵਿਦਿਆਰਥਣ ਨਾਲ ਕਥਿਤ ਜਬਰ ਜਨਾਹ ਦੀ ਘਟਨਾ ਤੋਂ ਬਾਅਦ ਵਿਰੋਧ ਸ਼ੁਰੂ ਹੋਇਆ। ਵਿਦਿਆਰਥੀਆਂ ਨੇ ਹੋਸਟਲਾਂ ਵਿੱਚ ਸੁਰੱਖਿਆ ਵਧਾਉਣ, ਪ੍ਰਸ਼ਾਸਨਿਕ ਜਵਾਬਦੇਹੀ ਯਕੀਨੀ ਬਣਾਉਣ ਅਤੇ ਦੋਸ਼ੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਹਾਲਾਂਕਿ, ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਦਾਅਵੇ ਕੀਤੇ ਗਏ। ਕਿਸੇ ਨੇ ਕਥਿਤ ਦੋਸ਼ੀ ਨੂੰ ਪੇਂਟਰ, ਕਿਸੇ ਨੇ ਪਲੰਬਰ ਅਤੇ ਕਿਸੇ ਨੇ ਉਸਾਰੀ ਮਜ਼ਦੂਰ ਦੱਸਿਆ। ਕੁਝ ਵਿਦਿਆਰਥੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਬਾਹਰੀ ਲੋਕ ਕੈਂਪਸ ਵਿੱਚ ਦਾਖਲ ਹੋਏ ਅਤੇ ਭੰਨਤੋੜ ਜਾਂ ਚੋਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਰਹੇ।
ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਲਈ CCTV ਫੁਟੇਜ ਇਕੱਠੀ ਕੀਤੀ ਜਾ ਰਹੀ ਹੈ। ਜਲੰਧਰ ਰੇਂਜ ਦੇ DIG ਨਵੀਨ ਸਿੰਗਲਾ ਨੇ ਕਿਹਾ ਕਿ GH3 ਹੋਸਟਲ ਅਤੇ ਕਮਰਾ ਨੰਬਰ 504 ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਕਮਰੇ ਵਿੱਚ ਰਹਿ ਰਹੀਆਂ ਵਿਦਿਆਰਥਣਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਕਰੀਬ ਦੋ ਮਹੀਨਿਆਂ ਤੋਂ ਉੱਥੇ ਰਹਿ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਸ-ਪਾਸ ਦੇ ਕਮਰਿਆਂ ਵਿੱਚ ਜਾਂਚ ਦੌਰਾਨ ਕੁਝ ਸ਼ੱਕੀ ਨਹੀਂ ਮਿਲਿਆ।
ਪੁਲਿਸ ਨੇ ਜਾਂਚ ਵਿੱਚ ਵਿਦਿਆਰਥੀ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ LPU ਦੇ ਦੋ ਮਹਿਲਾ ਅਤੇ ਦੋ ਪੁਰਸ਼ ਵਿਦਿਆਰਥੀ ਆਗੂਆਂ ਨੂੰ ਜਾਂਚ ਟੀਮ ਨਾਲ ਜੋੜਿਆ ਗਿਆ ਹੈ। ਪੁਲਿਸ ਮੁਤਾਬਕ ਕਰੀਬ 15 ਦਿਨ ਪਹਿਲਾਂ ਤੇਲੰਗਾਨਾ ਦੀ ਇੱਕ ਵਿਦਿਆਰਥਣ ਦੀ ਖੁਦਕੁਸ਼ੀ ਦੇ ਮਾਮਲੇ ਦੀ ਜਾਂਚ ਵੀ ਵੱਖਰੇ ਤੌਰ ’ਤੇ ਚੱਲ ਰਹੀ ਹੈ।
ADGP ਫਿਆਜ਼ ਫਾਰੂਕੀ ਨੇ ਦੱਸਿਆ ਕਿ ਕੈਂਪਸ ਦੀ ਸੁਰੱਖਿਆ ਲਈ 2,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਕਿਹਾ ਕਿ ਹੋਸਟਲਾਂ ਵਿੱਚ ਗੜਬੜੀ ਨਾਲ ਸਬੰਧਤ ਕੁਝ ਰਿਪੋਰਟਾਂ ਅਫਵਾਹਾਂ ਸਨ ਅਤੇ ਸਾਰੇ ਹੋਸਟਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਕਪੂਰਥਲਾ ਦੇ SSP ਗੌਰਵ ਤੂਰਾ ਨੇ ਸੰਭਾਵਨਾ ਜਤਾਈ ਕਿ ਸ਼ਨਿੱਚਰਵਾਰ ਰਾਤ ਕੁਝ ਬਾਹਰੀ ਜਾਂ ਸ਼ਰਾਰਤੀ ਤੱਤ ਵਿਦਿਆਰਥੀਆਂ ਦੇ ਭੇਸ ਵਿੱਚ ਕੈਂਪਸ ਵਿੱਚ ਦਾਖਲ ਹੋਏ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵੱਖਰੀ FIR ਦਰਜ ਕਰਕੇ ਜਾਂਚ ਕੀਤੀ ਜਾਵੇਗੀ।
ਦੂਜੇ ਪਾਸੇ, LPU ਰਜਿਸਟਰਾਰ ਮੋਨਿਕਾ ਗੁਲਾਟੀ ਨੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਕਥਿਤ ਤੌਰ ’ਤੇ ਗਲਤ ਅਤੇ ਬੇਬੁਨਿਆਦ ਜਾਣਕਾਰੀ ਫੈਲਾਈ ਜਾ ਰਹੀ ਹੈ। ਉਨ੍ਹਾਂ ਮੁਤਾਬਕ ਇਸ ਕਾਰਨ ਵਿਦਿਆਰਥੀਆਂ ਵਿੱਚ ਭੰਬਲਭੂਸਾ ਪੈਦਾ ਹੋ ਰਿਹਾ ਹੈ ਅਤੇ ਯੂਨੀਵਰਸਿਟੀ ਦੇ ਮਾਹੌਲ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਨੇ ਕਿਹਾ ਹੈ ਕਿ ਵਾਇਰਲ ਦਾਅਵਿਆਂ ਵਿੱਚ ਕੋਈ ਤੱਥ ਨਹੀਂ ਹੈ।
ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਦੀ ਜਾਂਚ ਕੀਤੀ ਜਾ ਰਹੀ ਹੈ।







