ਕੱਲ੍ਹ ਨੂੰ ਪੰਜਾਬ ਚ ਸਰਕਾਰੀ ਛੁੱਟੀ

ਚੰਡੀਗੜ੍ਹ: ਪੰਜਾਬ ਵਿੱਚ ਸਤੰਬਰ ਮਹੀਨੇ ਦੇ ਆਖਰੀ ਹਫ਼ਤੇ ਲਗਾਤਾਰ ਛੁੱਟੀਆਂ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। 26 ਅਤੇ 27 ਸਤੰਬਰ ਨੂੰ ਕ੍ਰਮਵਾਰ ਸ਼ਨੀਵਾਰ ਅਤੇ ਐਤਵਾਰ ਦੀ ਹਫ਼ਤਾਵਾਰੀ ਛੁੱਟੀ ਤੋਂ ਬਾਅਦ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਵਸ ਹੈ। ਪੰਜਾਬ ਸਰਕਾਰ ਦੀ ਸਾਲ 2026 ਦੀ ਛੁੱਟੀਆਂ ਦੀ ਸੂਚੀ ਵਿੱਚ 28 ਸਤੰਬਰ ਨੂੰ ਰਿਜ਼ਰਵਡ ਹੌਲੀਡੇ (RH Holiday) ਵਜੋਂ ਸ਼ਾਮਲ ਕੀਤਾ ਗਿਆ ਹੈ।

ਸਰਕਾਰੀ ਮੁਲਾਜ਼ਮਾਂ ਲਈ ਕੀ ਹੈ ਨਿਯਮ?

ਪੰਜਾਬ ਸਰਕਾਰ ਵੱਲੋਂ ਜਾਰੀ 2026 ਦੀ ਛੁੱਟੀਆਂ ਦੀ ਸੂਚੀ ਮੁਤਾਬਕ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਵਸ ਰਿਜ਼ਰਵਡ ਹੌਲੀਡੇ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਤਹਿਤ ਸਰਕਾਰੀ ਮੁਲਾਜ਼ਮਾਂ ਨੂੰ ਸਾਲ ਦੌਰਾਨ ਰਿਜ਼ਰਵਡ ਹੌਲੀਡੇ ਵਿੱਚੋਂ ਆਪਣੀ ਪਸੰਦ ਦੀਆਂ ਦੋ ਛੁੱਟੀਆਂ ਲੈਣ ਦੀ ਇਜਾਜ਼ਤ ਹੁੰਦੀ ਹੈ।

ਇਸ ਲਈ 28 ਸਤੰਬਰ ਦੀ ਛੁੱਟੀ ਦਾ ਲਾਭ ਲੈਣ ਲਈ ਮੁਲਾਜ਼ਮਾਂ ਨੂੰ ਆਪਣੇ ਸਬੰਧਤ ਵਿਭਾਗ ਦੇ ਨਿਯਮਾਂ ਅਨੁਸਾਰ ਇਸ ਰਿਜ਼ਰਵਡ ਹੌਲੀਡੇ ਦੀ ਚੋਣ ਕਰਨੀ ਹੋਵੇਗੀ।

ਸਕੂਲਾਂ ਅਤੇ ਕਾਲਜਾਂ ਲਈ ਕੀ ਹੈ ਅਪਡੇਟ?

28 ਸਤੰਬਰ ਨੂੰ ਰਿਜ਼ਰਵਡ ਹੌਲੀਡੇ ਵਜੋਂ ਦਰਜ ਕੀਤਾ ਗਿਆ ਹੈ, ਜੋ ਸਰਕਾਰੀ ਮੁਲਾਜ਼ਮਾਂ ਨਾਲ ਸਬੰਧਤ ਹੈ। ਇਸ ਕਰਕੇ ਇਹ ਛੁੱਟੀ ਸਕੂਲਾਂ ਅਤੇ ਕਾਲਜਾਂ ’ਤੇ ਆਪਣੇ ਆਪ ਲਾਗੂ ਨਹੀਂ ਹੁੰਦੀ।

ਵਿਦਿਅਕ ਅਦਾਰਿਆਂ ਵਿੱਚ ਛੁੱਟੀਆਂ ਸਿੱਖਿਆ ਵਿਭਾਗ, ਸਬੰਧਤ ਬੋਰਡ ਜਾਂ ਸੰਸਥਾ ਵੱਲੋਂ ਜਾਰੀ ਕੀਤੇ ਗਏ ਵੱਖਰੇ ਕੈਲੰਡਰ ਅਤੇ ਸਰਕੂਲਰ ਮੁਤਾਬਕ ਤੈਅ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ 28 ਸਤੰਬਰ ਦੀ ਛੁੱਟੀ ਸਬੰਧੀ ਆਪਣੇ ਸਕੂਲ ਜਾਂ ਕਾਲਜ ਤੋਂ ਪਹਿਲਾਂ ਪੁਸ਼ਟੀ ਕਰ ਲੈਣੀ ਚਾਹੀਦੀ ਹੈ।