ਪਟਿਆਲਾ ’ਚ 7 ਸਾਲਾ ਬੱਚੀ ਨਾਲ ਕਥਿਤ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ

ਪਟਿਆਲਾ ਦੇ ਭੂਨਰਹੇੜੀ ਪਿੰਡ ’ਚ 7 ਸਾਲਾ ਬੱਚੀ ਨਾਲ ਕਥਿਤ ਜਬਰ-ਜਨਾਹ

ਪਟਿਆਲਾ ਜ਼ਿਲ੍ਹੇ ਦੇ ਪਿੰਡ ਭੂਨਰਹੇੜੀ ਵਿੱਚ 7 ਸਾਲਾ ਬੱਚੀ ਨਾਲ ਕਥਿਤ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਵਾਰਦਾਤ ਸ਼ਨਿੱਚਰਵਾਰ ਸ਼ਾਮ ਦੀ ਹੈ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੱਚੀ ਨੂੰ ਤੁਰੰਤ ਡਾਕਟਰੀ ਜਾਂਚ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਖ਼ਬਰ ਲਿਖੇ ਜਾਣ ਤੱਕ ਉਹ ਇਲਾਜ ਅਧੀਨ ਸੀ। ਪੁਲੀਸ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਨ ਉਪਰੰਤ ਥਾਣਾ ਪੇਂਡੂ ਪਟਿਆਲਾ ਵਿੱਚ ਪਿੰਡ ਭੂਨਰਹੇੜੀ ਵਾਸੀ ਪ੍ਰੀਤਮ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਮੁਲਜ਼ਮ ਵਿਰੁੱਧ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 65(2) ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਕਾਰਵਾਈ ਕੀਤੀ ਗਈ ਹੈ।

ਪੁਲੀਸ ਅਨੁਸਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਨਹੀਂ ਹੋਈ। ਉਸ ਦੀ ਭਾਲ ਲਈ ਪੁਲੀਸ ਵੱਲੋਂ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਮੁੱਢਲੀ ਜਾਂਚ ਮੁਤਾਬਕ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੀ ਘਰ ਤੋਂ ਬਾਹਰ ਖੇਡਣ ਲਈ ਗਈ ਹੋਈ ਸੀ। ਪੁਲੀਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਸ਼ਾਮ ਕਰੀਬ 4:45 ਵਜੇ ਮੁਲਜ਼ਮ ਕਥਿਤ ਤੌਰ ’ਤੇ ਖਾਣ-ਪੀਣ ਦੀ ਚੀਜ਼ ਦੇਣ ਦਾ ਬਹਾਨਾ ਬਣਾ ਕੇ ਬੱਚੀ ਨੂੰ ਆਪਣੇ ਘਰ ਲੈ ਗਿਆ। ਦੋਸ਼ ਹੈ ਕਿ ਉੱਥੇ ਉਸ ਨੇ ਬੱਚੀ ਨੂੰ ਇੱਕ ਕਮਰੇ ਵਿੱਚ ਲਿਜਾ ਕੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ।

ਬਾਅਦ ਵਿੱਚ ਬੱਚੀ ਘਰ ਵਾਪਸ ਆਈ ਅਤੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪਰਿਵਾਰ ਨੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ।