ਕੱਲ੍ਹ ਪੰਜਾਬ ‘ਚ ਸਰਕਾਰੀ ਛੁੱਟੀ

ਪੰਜਾਬ ਵਿੱਚ ਸਤੰਬਰ ਮਹੀਨੇ ਦੇ ਆਖਰੀ ਹਫ਼ਤੇ ਛੁੱਟੀਆਂ ਨੂੰ ਲੈ ਕੇ ਅਹਿਮ ਅਪਡੇਟ ਸਾਹਮਣੇ ਆਈ ਹੈ। 25 ਸਤੰਬਰ ਤੋਂ 28 ਸਤੰਬਰ ਤੱਕ ਛੁੱਟੀਆਂ ਦਾ ਕ੍ਰਮ ਬਣਨ ਕਾਰਨ ਸਰਕਾਰੀ ਮੁਲਾਜ਼ਮਾਂ ਲਈ ਲਗਾਤਾਰ ਚਾਰ ਦਿਨ ਦਾ ਬ੍ਰੇਕ ਬਣ ਸਕਦਾ ਹੈ। ਪੰਜਾਬ ਸਰਕਾਰ ਦੀ 2026 ਦੀ ਛੁੱਟੀਆਂ ਵਾਲੀ ਸੂਚੀ ਮੁਤਾਬਕ 25 ਅਤੇ 28 ਸਤੰਬਰ ਨੂੰ ਰਿਜ਼ਰਵਡ ਹੌਲੀਡੇ ਦੇ ਤੌਰ ’ਤੇ ਦਰਜ ਕੀਤਾ ਗਿਆ ਹੈ।

25 ਸਤੰਬਰ ਨੂੰ ਅਨੰਤ ਚਤੁਰਦਸ਼ੀ ਹੈ, ਜਦਕਿ 26 ਅਤੇ 27 ਸਤੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਦੀ ਹਫ਼ਤਾਵਾਰੀ ਛੁੱਟੀ ਰਹੇਗੀ। ਇਸ ਤੋਂ ਬਾਅਦ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਵਸ ਹੈ।

ਸਰਕਾਰੀ ਮੁਲਾਜ਼ਮਾਂ ਲਈ ਕੀ ਹੈ ਨਿਯਮ?

ਪੰਜਾਬ ਸਰਕਾਰ ਦੀ ਸਾਲ 2026 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਅਨੰਤ ਚਤੁਰਦਸ਼ੀ ਅਤੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਰਿਜ਼ਰਵਡ ਹੌਲੀਡੇ ਦੀ ਸ਼੍ਰੇਣੀ ਵਿੱਚ ਰੱਖੇ ਗਏ ਹਨ। ਰਿਜ਼ਰਵਡ ਹੌਲੀਡੇ ਤਹਿਤ ਸਰਕਾਰੀ ਕਰਮਚਾਰੀ ਸਾਲ ਦੌਰਾਨ ਨਿਰਧਾਰਤ ਛੁੱਟੀਆਂ ਵਿੱਚੋਂ ਆਪਣੀ ਪਸੰਦ ਦੀਆਂ ਦੋ ਛੁੱਟੀਆਂ ਲੈ ਸਕਦੇ ਹਨ।

ਇਸ ਲਈ 25 ਅਤੇ 28 ਸਤੰਬਰ ਦੀਆਂ ਛੁੱਟੀਆਂ ਦਾ ਲਾਭ ਲੈਣ ਲਈ ਕਰਮਚਾਰੀਆਂ ਨੂੰ ਆਪਣੇ ਸਬੰਧਤ ਵਿਭਾਗ ਦੇ ਨਿਯਮਾਂ ਅਨੁਸਾਰ ਰਿਜ਼ਰਵਡ ਹੌਲੀਡੇ ਦੀ ਚੋਣ ਕਰਨੀ ਹੋਵੇਗੀ।

ਸਕੂਲ-ਕਾਲਜਾਂ ਲਈ ਕੀ ਹੈ ਸਥਿਤੀ?

25 ਅਤੇ 28 ਸਤੰਬਰ ਦੀਆਂ ਛੁੱਟੀਆਂ ਰਿਜ਼ਰਵਡ ਹੌਲੀਡੇ ਹਨ, ਜੋ ਮੁੱਖ ਤੌਰ ’ਤੇ ਸਰਕਾਰੀ ਦਫ਼ਤਰਾਂ ਅਤੇ ਕਰਮਚਾਰੀਆਂ ਨਾਲ ਸਬੰਧਤ ਹਨ। ਇਹ ਛੁੱਟੀਆਂ ਸਕੂਲਾਂ ਅਤੇ ਕਾਲਜਾਂ ਵਿੱਚ ਆਪਣੇ ਆਪ ਲਾਗੂ ਨਹੀਂ ਮੰਨੀਆਂ ਜਾਂਦੀਆਂ।

ਵਿਦਿਅਕ ਅਦਾਰਿਆਂ ਦੀਆਂ ਛੁੱਟੀਆਂ ਸਿੱਖਿਆ ਵਿਭਾਗ, ਸਬੰਧਤ ਬੋਰਡ ਜਾਂ ਸੰਸਥਾ ਵੱਲੋਂ ਜਾਰੀ ਕੈਲੰਡਰ ਅਤੇ ਸਰਕੂਲਰ ਦੇ ਅਧਾਰ ’ਤੇ ਤੈਅ ਕੀਤੀਆਂ ਜਾਂਦੀਆਂ ਹਨ। ਇਸ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਆਪਣੇ ਸਕੂਲ ਜਾਂ ਕਾਲਜ ਤੋਂ ਛੁੱਟੀ ਬਾਰੇ ਪੁਸ਼ਟੀ ਕਰਨੀ ਚਾਹੀਦੀ ਹੈ।

ਕੌਣ ਲੈ ਸਕਦਾ ਹੈ ਚਾਰ ਦਿਨਾਂ ਦੇ ਬ੍ਰੇਕ ਦਾ ਲਾਭ?

ਜਿਹੜੇ ਸਰਕਾਰੀ ਕਰਮਚਾਰੀ ਰਿਜ਼ਰਵਡ ਹੌਲੀਡੇ ਦੀ ਚੋਣ ਕਰਦੇ ਹਨ ਅਤੇ ਉਨ੍ਹਾਂ ਦੇ ਵਿਭਾਗ ਵਿੱਚ ਇਹ ਨਿਯਮ ਲਾਗੂ ਹੁੰਦਾ ਹੈ, ਉਹ 25 ਅਤੇ 28 ਸਤੰਬਰ ਦੀਆਂ ਛੁੱਟੀਆਂ ਨੂੰ 26 ਅਤੇ 27 ਸਤੰਬਰ ਦੀ ਹਫ਼ਤਾਵਾਰੀ ਛੁੱਟੀ ਨਾਲ ਜੋੜ ਕੇ ਚਾਰ ਦਿਨਾਂ ਦਾ ਬ੍ਰੇਕ ਲੈ ਸਕਦੇ ਹਨ।

ਇਸੇ ਤਰ੍ਹਾਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਇਹ ਬ੍ਰੇਕ ਤਾਂ ਹੀ ਬਣੇਗਾ, ਜੇਕਰ ਉਨ੍ਹਾਂ ਦੇ ਸਬੰਧਤ ਵਿਦਿਅਕ ਅਦਾਰੇ ਵੱਲੋਂ ਇਨ੍ਹਾਂ ਦਿਨਾਂ ਦੀ ਛੁੱਟੀ ਐਲਾਨੀ ਗਈ ਹੋਵੇ।

ਜਲੰਧਰ ਵਿੱਚ 25 ਸਤੰਬਰ ਨੂੰ ਸਥਾਨਕ ਛੁੱਟੀ

ਉੱਥੇ ਹੀ ਜਲੰਧਰ ਜ਼ਿਲ੍ਹੇ ਦੇ ਲੋਕਾਂ ਲਈ 25 ਸਤੰਬਰ ਨੂੰ ਵੱਖਰੀ ਅਹਿਮ ਅਪਡੇਟ ਹੈ। ਸ੍ਰੀ ਸਿੱਧ ਬਾਬਾ ਸੋਢਲ ਜੀ ਦਾ ਸਲਾਨਾ ਮੇਲਾ 25 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਮੇਲੇ ਨੂੰ ਦੇਖਦਿਆਂ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 25 ਸਤੰਬਰ, ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿੱਚ ਸਥਾਨਕ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 25 ਸਤੰਬਰ ਨੂੰ ਜਲੰਧਰ ਜ਼ਿਲ੍ਹੇ ਵਿੱਚ ਸਥਿਤ ਪੰਜਾਬ ਸਰਕਾਰ ਦੇ ਦਫ਼ਤਰਾਂ, ਨਿਗਮਾਂ, ਬੋਰਡਾਂ, ਵਿਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਸਥਾਨਕ ਛੁੱਟੀ ਰਹੇਗੀ।

ਇਹ ਛੁੱਟੀ ਸਿਰਫ਼ ਜਲੰਧਰ ਜ਼ਿਲ੍ਹੇ ਦੀ ਹੱਦ ਤੱਕ ਲਾਗੂ ਹੋਵੇਗੀ। ਸ੍ਰੀ ਸਿੱਧ ਬਾਬਾ ਸੋਢਲ ਜੀ ਦਾ ਸਲਾਨਾ ਮੇਲਾ ਹਰ ਸਾਲ ਵੱਡੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਸੋਢਲ ਜੀ ਦੇ ਦਰਸ਼ਨਾਂ ਲਈ ਪਹੁੰਚਦੇ ਹਨ।

ਮੇਲੇ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਲੈ ਕੇ ਵੀ ਵਿਸ਼ੇਸ਼ ਇੰਤਜ਼ਾਮ ਕੀਤੇ ਜਾਂਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਮੇਲੇ ਦੌਰਾਨ ਸ਼ਾਂਤੀ, ਅਨੁਸ਼ਾਸਨ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੇ ਨਾਲ-ਨਾਲ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।