ਸ਼ੂਟਆਊਟ ’ਚ ਅਰਜਨਟੀਨਾ ਦੀ ਜਿੱਤ, ਨੀਦਰਲੈਂਡਜ਼ ਦਾ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਦਾ ਸੁਪਨਾ ਟੁੱਟਿਆ
ਅਰਜਨਟੀਨਾ ਨੇ ਸ਼ਨਿਚਰਵਾਰ ਨੂੰ ਰੋਮਾਂਚਕ ਮੁਕਾਬਲੇ ਵਿੱਚ ਨੀਦਰਲੈਂਡਜ਼ ਨੂੰ ਪੈਨਲਟੀ ਸ਼ੂਟਆਊਟ ਵਿੱਚ 3-1 ਨਾਲ ਮਾਤ ਦੇ ਕੇ ਮਹਿਲਾ ਹਾਕੀ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕਰ ਲਿਆ। ਇਸ ਜਿੱਤ ਨਾਲ ਅਰਜਨਟੀਨਾ ਨੇ ਪਿਛਲੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਇਹ ਅਰਜਨਟੀਨਾ ਦਾ ਤੀਜਾ ਵਿਸ਼ਵ ਕੱਪ ਖਿਤਾਬ ਹੈ।
ਪਿਛਲੇ ਵਿਸ਼ਵ ਕੱਪ ਵਿੱਚ ਨੀਦਰਲੈਂਡਜ਼ ਨੇ ਅਰਜਨਟੀਨਾ ਨੂੰ 3-1 ਨਾਲ ਹਰਾਇਆ ਸੀ। ਇਸ ਵਾਰ ਅਰਜਨਟੀਨਾ ਨੇ ਸ਼ੂਟਆਊਟ ਵਿੱਚ ਬਾਜ਼ੀ ਮਾਰਦਿਆਂ ਨੀਦਰਲੈਂਡਜ਼ ਦੀ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਜਿੱਤਣ ਦੀ ਉਮੀਦ ’ਤੇ ਪਾਣੀ ਫੇਰ ਦਿੱਤਾ। ਅਰਜਨਟੀਨਾ ਨੇ ਇਸ ਤੋਂ ਪਹਿਲਾਂ 2002 ਅਤੇ 2010 ਵਿੱਚ ਵੀ ਨੀਦਰਲੈਂਡਜ਼ ਨੂੰ ਹਰਾ ਕੇ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ। ਨੌਂ ਵਾਰ ਦੀ ਵਿਸ਼ਵ ਚੈਂਪੀਅਨ ਨੀਦਰਲੈਂਡਜ਼ ਇਸ ਹਾਰ ਨਾਲ 10ਵਾਂ ਖਿਤਾਬ ਜਿੱਤਣ ਤੋਂ ਖੁੰਝ ਗਈ।
ਪੈਨਲਟੀ ਸ਼ੂਟਆਊਟ ਵਿੱਚ ਅਰਜਨਟੀਨਾ ਵੱਲੋਂ ਵਿਕਟੋਰੀਆ ਗਰਾਨਾਟੋ, ਬ੍ਰਿਸਾ ਬ੍ਰਗੇਸਰ ਅਤੇ ਸੋਫੀਆ ਕਾਈਰੋ ਨੇ ਗੋਲ ਕੀਤੇ, ਜਦਕਿ ਡਿਆਜ਼ ਜੋ ਦਾ ਯਤਨ ਸਫਲ ਨਹੀਂ ਹੋ ਸਕਿਆ। ਨੀਦਰਲੈਂਡਜ਼ ਵੱਲੋਂ ਸਿਰਫ਼ ਮਾਰਿਨ ਗੋਲ ਕਰਨ ਵਿੱਚ ਕਾਮਯਾਬ ਰਹੀ, ਜਦਕਿ ਪੀਏਨ ਸੈਂਡਰਸ, ਫੇਲਿਸ ਅਲਬਰਸ ਅਤੇ ਮੋਏਸ ਫ੍ਰੀਕੇ ਆਪਣੀਆਂ ਕੋਸ਼ਿਸ਼ਾਂ ਨੂੰ ਗੋਲ ਵਿੱਚ ਨਹੀਂ ਬਦਲ ਸਕੀਆਂ।
ਮੈਚ ਦੀ ਸ਼ੁਰੂਆਤ ਵਿੱਚ ਦੋਵੇਂ ਟੀਮਾਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਪਹਿਲੇ 15 ਮਿੰਟਾਂ ਦੌਰਾਨ ਦੋਵੇਂ ਟੀਮਾਂ ਇੱਕ-ਦੂਜੇ ਦੀ ਰਣਨੀਤੀ ਨੂੰ ਪਰਖਦੀਆਂ ਰਹੀਆਂ। ਨੀਦਰਲੈਂਡਜ਼ ਨੇ 8ਵੇਂ ਮਿੰਟ ਵਿੱਚ ਪਹਿਲਾ ਹਮਲਾ ਕੀਤਾ, ਜਦੋਂ ਮਾਰਲਿਨ ਜੋਕੇਮਸ ਨੇ ਸਰਕਲ ਵੱਲ ਗੇਂਦ ਪਹੁੰਚਾਈ, ਪਰ ਉੱਥੇ ਕੋਈ ਖਿਡਾਰੀ ਇਸ ਨੂੰ ਕਾਬੂ ਕਰਨ ਲਈ ਮੌਜੂਦ ਨਹੀਂ ਸੀ। ਇਸ ਤੋਂ ਦੋ ਮਿੰਟ ਬਾਅਦ ਪੀਏਨ ਸੈਂਡਰਸ ਨੇ ਸਰਕਲ ਵਿੱਚ ਦਾਖ਼ਲ ਹੋ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਰਜਨਟੀਨਾ ਦੇ ਡਿਫੈਂਡਰਾਂ ਨੇ ਗੇਂਦ ਨੂੰ ਬਾਹਰ ਕੱਢ ਦਿੱਤਾ।
ਦੂਜੇ ਕੁਆਰਟਰ ਦੇ ਚੌਥੇ ਮਿੰਟ ਵਿੱਚ ਨੀਦਰਲੈਂਡਜ਼ ਦੀ ਤਜਰਬੇਕਾਰ ਖਿਡਾਰਨ ਜਾਨ ਡਿ ਵਾਰਡ, ਜੋ ਆਪਣਾ 252ਵਾਂ ਅੰਤਰਰਾਸ਼ਟਰੀ ਮੈਚ ਖੇਡ ਰਹੀ ਸੀ, ਨੇ ਅੱਗੇ ਵਧਦਿਆਂ ਮਾਰਿਨ ਨੂੰ ਪਾਸ ਦਿੱਤਾ, ਪਰ ਉਹ ਗੇਂਦ ’ਤੇ ਕਾਬੂ ਨਹੀਂ ਰੱਖ ਸਕੀ। ਹਾਫ਼ ਟਾਈਮ ਤੋਂ ਠੀਕ ਪਹਿਲਾਂ ਮਿਲੇ ਨੀਦਰਲੈਂਡਜ਼ ਦੇ ਪਹਿਲੇ ਪੈਨਲਟੀ ਕਾਰਨਰ ਨੂੰ ਯਿਬਬੀ ਯਾਨਸੇਨ ਨੇ ਡਰੈਗ ਫਲਿਕ ਰਾਹੀਂ ਗੋਲ ਵਿੱਚ ਬਦਲ ਦਿੱਤਾ। ਇਹ ਟੂਰਨਾਮੈਂਟ ਵਿੱਚ ਉਸ ਦਾ ਅੱਠਵਾਂ ਗੋਲ ਸੀ।
ਬ੍ਰੇਕ ਤੋਂ ਬਾਅਦ ਅਰਜਨਟੀਨਾ ਨੇ ਬਰਾਬਰੀ ਲਈ ਹਮਲੇ ਤੇਜ਼ ਕਰ ਦਿੱਤੇ। 33ਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ’ਤੇ ਟੀਮ ਗੋਲ ਕਰਨ ਵਿੱਚ ਅਸਫਲ ਰਹੀ। ਇਸ ਤੋਂ ਦੋ ਮਿੰਟ ਬਾਅਦ ਕਪਤਾਨ ਮਾਰੀਆ ਗ੍ਰਾਨਾਟੋ ਨੂੰ ਸਰਕਲ ਵਿੱਚ ਰੁਕਾਵਟ ਕਾਰਨ ਦੂਜਾ ਪੈਨਲਟੀ ਕਾਰਨਰ ਮਿਲਿਆ, ਪਰ ਨੀਦਰਲੈਂਡਜ਼ ਦੀ ਗੋਲਕੀਪਰ ਐਨੇ ਵੀਨੇਨਡਾਲ ਨੇ ਸ਼ਾਨਦਾਰ ਬਚਾਅ ਕਰਦਿਆਂ ਗੋਲ ਰੋਕ ਦਿੱਤਾ।
ਤੀਜੇ ਕੁਆਰਟਰ ਦੇ ਆਖਰੀ ਦੋ ਮਿੰਟਾਂ ਵਿੱਚ ਅਰਜਨਟੀਨਾ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ। ਹਾਲਾਂਕਿ ਆਗਸਟੀਨਾ ਗੋਰਜੇਲਾਨੀ ਦੀ ਟਰੈਪਿੰਗ ਅਤੇ ਸ਼ਾਟ ਵਿੱਚ ਤਾਕਤ ਨਾ ਹੋਣ ਕਾਰਨ ਦੋਵੇਂ ਮੌਕੇ ਗੋਲ ਵਿੱਚ ਨਹੀਂ ਬਦਲ ਸਕੇ।
ਮੈਚ ਦੇ 54ਵੇਂ ਮਿੰਟ ਵਿੱਚ ਅਰਜਨਟੀਨਾ ਨੂੰ ਅੱਠਵਾਂ ਪੈਨਲਟੀ ਕਾਰਨਰ ਮਿਲਿਆ। ਇਸ ਮੌਕੇ ਕਪਤਾਨ ਮਾਰੀਆ ਗ੍ਰਾਨਾਟੋ ਨੇ ਰੀਬਾਉਂਡ ’ਤੇ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ ਬਰਾਬਰੀ ’ਤੇ ਰਹੀਆਂ, ਜਿਸ ਤੋਂ ਬਾਅਦ ਫ਼ੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ। ਇੱਥੇ ਅਰਜਨਟੀਨਾ ਨੇ 3-1 ਨਾਲ ਜਿੱਤ ਦਰਜ ਕਰਦਿਆਂ ਵਿਸ਼ਵ ਕੱਪ ਆਪਣੇ ਨਾਮ ਕਰ ਲਿਆ।







