ਕੈਨੇਡਾ ਦੀ ਪੀਲ ਰੀਜਨਲ ਪੁਲੀਸ ਨੇ ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ) ਵਿੱਚ ਸਰਗਰਮ ਇੱਕ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੰਬੇ ਸਮੇਂ ਤੱਕ ਚੱਲੀ ਗੁਪਤ ਜਾਂਚ ਮਗਰੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਪੁਲੀਸ ਨੇ 23 ਗੈਰ-ਕਾਨੂੰਨੀ ਹਥਿਆਰ, ਕਰੀਬ 825 ਗ੍ਰਾਮ ਕੋਕੀਨ ਅਤੇ 950 ਤੋਂ ਵੱਧ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
‘ਪ੍ਰੋਜੈਕਟ ਰੈੱਡ ਜ਼ੋਨ’ ਤਹਿਤ ਚਲਾਈ ਗਈ ਇਹ ਜਾਂਚ ਪੀਲ ਰੀਜਨਲ ਪੁਲੀਸ ਦੇ ਸਪੈਸ਼ਲਾਈਜ਼ਡ ਐਨਫੋਰਸਮੈਂਟ ਬਿਊਰੋ ਵੱਲੋਂ ਅਮਰੀਕੀ ਹੋਮਲੈਂਡ ਸਿਕਿਓਰਿਟੀ ਵਿਭਾਗ ਅਤੇ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਂਟਾਰੀਓ (CISO) ਦੇ ਸਹਿਯੋਗ ਨਾਲ ਕੀਤੀ ਗਈ। ਪੁਲੀਸ ਮੁਤਾਬਕ ਜਾਂਚ ਅਕਤੂਬਰ 2025 ਵਿੱਚ ਸ਼ੁਰੂ ਹੋਈ ਸੀ ਅਤੇ ਜੁਲਾਈ 2026 ਤੱਕ ਜਾਰੀ ਰਹੀ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਰਾਮਦ ਕੀਤੇ 23 ਹਥਿਆਰਾਂ ਵਿੱਚੋਂ 15 ਹਥਿਆਰ ਅਮਰੀਕਾ ਤੋਂ ਤਸਕਰੀ ਰਾਹੀਂ ਕੈਨੇਡਾ ਲਿਆਂਦੇ ਗਏ ਸਨ, ਜਦਕਿ ਕੁਝ ਹਥਿਆਰ ਅਜਿਹੇ ਸਨ ਜਿਨ੍ਹਾਂ ’ਤੇ ਕੈਨੇਡਾ ਵਿੱਚ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ। ਪੁਲੀਸ ਅਨੁਸਾਰ ਇੱਕ ਬਰਾਮਦ ਹਥਿਆਰ ਦਾ ਸਬੰਧ ਮਾਰਚ 2024 ਵਿੱਚ ਮਿਸੀਸਾਗਾ ਵਿੱਚ ਹੋਏ ਇੱਕ ਕਤਲ ਮਾਮਲੇ ਨਾਲ ਵੀ ਜੋੜਿਆ ਗਿਆ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਅਤੇ ਦੂਜਾ ਗੰਭੀਰ ਜ਼ਖ਼ਮੀ ਹੋਇਆ ਸੀ।
ਫੋਰੈਂਸਿਕ ਜਾਂਚ ਰਾਹੀਂ ਇਹ ਵੀ ਪਤਾ ਲੱਗਾ ਹੈ ਕਿ ਇਸ ਆਪ੍ਰੇਸ਼ਨ ਦੌਰਾਨ ਬਰਾਮਦ ਕੀਤੇ ਗਏ ਹਥਿਆਰਾਂ ਦਾ ਸਬੰਧ ਜੀਟੀਏ ਖੇਤਰ ਵਿੱਚ ਵਾਪਰੀਆਂ 14 ਵੱਖ-ਵੱਖ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਵੀ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਟੀਫ਼ਨ ਪ੍ਰਕਾਸ਼ ਕੰਸਾਲਾ (24), ਅਕਸ਼ੈ ਸ਼੍ਰੀਕਾਂਤਨ (24), ਸਮੀ ਸ਼ੇਖ (28) ਅਤੇ ਜਨੋਜ ਧਿਆਬਰਨ (23) ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ’ਤੇ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਤਸਕਰੀ ਨਾਲ ਸਬੰਧਤ ਦੋਸ਼ ਦਰਜ ਕੀਤੇ ਗਏ ਹਨ।
ਪੁਲੀਸ ਮੁਤਾਬਕ ਸਟੀਫ਼ਨ ਪ੍ਰਕਾਸ਼ ਕੰਸਾਲਾ ਅਤੇ ਜਨੋਜ ਧਿਆਬਰਨ ਨੂੰ ਜ਼ਮਾਨਤ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ, ਜਦਕਿ ਅਕਸ਼ੈ ਸ਼੍ਰੀਕਾਂਤਨ ਅਤੇ ਸਮੀ ਸ਼ੇਖ ਨੂੰ ਕੁਝ ਸ਼ਰਤਾਂ ਦੇ ਨਾਲ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ ਅਗਲੀ ਤਰੀਕ ’ਤੇ ਓਂਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਣਗੇ।
ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਨਸਲ, ਕੌਮੀਅਤ ਜਾਂ ਹੋਰ ਨਿੱਜੀ ਪਿਛੋਕੜ ਸਬੰਧੀ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਪੁਲੀਸ ਨੇ ਇਹ ਵੀ ਖੁਲਾਸਾ ਕੀਤਾ ਕਿ ਸਾਲ 2026 ਦੌਰਾਨ ਹੁਣ ਤੱਕ ਕੁੱਲ 125 ਅਪਰਾਧਿਕ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ, ਜੋ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੀ ਵੱਡੀ ਸਫ਼ਲਤਾ ਮੰਨੀ ਜਾ ਰਹੀ ਹੈ।






