ਬੈਂਕ ਕਰਮਚਾਰੀਆਂ ਦੀਆਂ ਯੂਨੀਅਨਾਂ ਵੱਲੋਂ ਹਫ਼ਤੇ ਵਿੱਚ ਪੰਜ ਦਿਨਾ ਕੰਮਕਾਜ ਅਤੇ ਪਰਫਾਰਮੈਂਸ ਲਿੰਕਡ ਇਨਸੈਂਟਿਵ (PLI) ਸਕੀਮ ਵਾਪਸ ਲੈਣ ਦੀ ਮੰਗ ਨੂੰ ਲੈ ਕੇ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਦੇਸ਼ ਦੇ ਵੱਡੇ ਸਰਕਾਰੀ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਪਹਿਲਾਂ ਹੀ ਜ਼ਰੂਰੀ ਬੈਂਕਿੰਗ ਕੰਮ ਨਿਪਟਾਉਣ ਦੀ ਸਲਾਹ ਦਿੱਤੀ ਹੈ। ਚੌਥਾ ਸ਼ਨੀਵਾਰ (26 ਸਤੰਬਰ) ਅਤੇ ਐਤਵਾਰ (27 ਸਤੰਬਰ) ਦੀ ਛੁੱਟੀ ਕਾਰਨ ਲਗਾਤਾਰ ਪੰਜ ਦਿਨ ਬੈਂਕਾਂ ਦੇ ਰੋਜ਼ਾਨਾ ਕੰਮਕਾਜ ’ਤੇ ਅਸਰ ਪੈਣ ਦੀ ਸੰਭਾਵਨਾ ਹੈ।
ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਗਾਹਕਾਂ ਨੂੰ ਜਾਰੀ ਸੰਦੇਸ਼ ਵਿੱਚ ਕਿਹਾ ਹੈ ਕਿ ਬੈਂਕ ਕਰਮਚਾਰੀਆਂ ਦੀਆਂ ਕੁਝ ਯੂਨੀਅਨਾਂ ਵੱਲੋਂ 28 ਤੋਂ 30 ਸਤੰਬਰ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਗਾਹਕ ਆਪਣੇ ਜ਼ਰੂਰੀ ਵਿੱਤੀ ਲੈਣ-ਦੇਣ ਪਹਿਲਾਂ ਹੀ ਪੂਰੇ ਕਰ ਲੈਣ। ਬੈਂਕ ਨੇ ਇਸ ਦੌਰਾਨ ਏਟੀਐਮ, YONO, ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਯੂਪੀਆਈ ਅਤੇ ਹੋਰ ਡਿਜੀਟਲ ਸੇਵਾਵਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
ਇੰਡੀਅਨ ਬੈਂਕ ਨੇ ਵੀ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਪ੍ਰਸਤਾਵਿਤ ਹੜਤਾਲ ਕਾਰਨ ਸ਼ਾਖਾਵਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਬੈਂਕ ਨੇ ਮੋਬਾਈਲ ਬੈਂਕਿੰਗ, ਏਟੀਐਮ ਅਤੇ ਹੋਰ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਇਸੇ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ (PNB) ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਵੱਲੋਂ ਵੀ ਗਾਹਕਾਂ ਨੂੰ ਅਗਾਊਂ ਸੂਚਨਾਵਾਂ ਜਾਰੀ ਕੀਤੀਆਂ ਗਈਆਂ ਹਨ।
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਵੱਲੋਂ ਦਿੱਤੇ ਗਏ ਦੇਸ਼-ਪੱਧਰੀ ਹੜਤਾਲ ਦੇ ਸੱਦੇ ਨੂੰ ਖੇਤਰੀ ਗ੍ਰਾਮੀਣ ਬੈਂਕਾਂ ਦਾ ਵੀ ਸਮਰਥਨ ਪ੍ਰਾਪਤ ਹੈ। ਇਹ ਹੜਤਾਲ 30 ਸਤੰਬਰ ਨੂੰ ਹੋਣ ਵਾਲੀ ਛਮਾਹੀ ਖਾਤਾ ਬੰਦ ਪ੍ਰਕਿਰਿਆ (ਹਾਫ਼-ਈਅਰਲੀ ਕਲੋਜ਼ਿੰਗ) ਦੇ ਸਮੇਂ ਦੌਰਾਨ ਹੋਣ ਕਾਰਨ ਖ਼ਜ਼ਾਨਾ ਸੰਚਾਲਨ, ਚੈੱਕ ਕਲੀਅਰਿੰਗ ਅਤੇ ਕਾਰਪੋਰੇਟ ਲੈਣ-ਦੇਣ ਵਰਗੀਆਂ ਮਹੱਤਵਪੂਰਨ ਸੇਵਾਵਾਂ ’ਤੇ ਵੀ ਅਸਰ ਪੈ ਸਕਦਾ ਹੈ।
ਬੈਂਕ ਅਧਿਕਾਰੀਆਂ ਮੁਤਾਬਕ ਹੜਤਾਲ ਦੌਰਾਨ ਡਿਜੀਟਲ ਸੇਵਾਵਾਂ ਜਿਵੇਂ ਇੰਟਰਨੈੱਟ ਬੈਂਕਿੰਗ, ਮੋਬਾਈਲ ਐਪਸ ਅਤੇ ਯੂਪੀਆਈ ਆਮ ਤੌਰ ’ਤੇ ਚੱਲਦੀਆਂ ਰਹਿਣਗੀਆਂ। ਹਾਲਾਂਕਿ ਸ਼ਾਖਾਵਾਂ ਵਿੱਚ ਸਿੱਧੇ ਤੌਰ ’ਤੇ ਹੋਣ ਵਾਲੇ ਕੰਮਕਾਜ ਅਤੇ ਗਾਹਕ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ 11 ਸਤੰਬਰ ਨੂੰ ਬੈਂਕ ਕਰਮਚਾਰੀਆਂ ਵੱਲੋਂ ਇੱਕ ਦਿਨ ਦੀ ਹੜਤਾਲ ਕੀਤੀ ਗਈ ਸੀ। ਯੂਨੀਅਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਸਕਾਰਾਤਮਕ ਫ਼ੈਸਲਾ ਨਾ ਹੋਇਆ ਤਾਂ 26 ਅਕਤੂਬਰ ਤੋਂ ਦੇਸ਼ ਭਰ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਜਾ ਸਕਦੀ ਹੈ।







