ਪੰਜਾਬ ਤੇ ਹਰਿਆਣਾ ’ਚ ਮੌਨਸੂਨ ਦਾ ਦੌਰ ਖ਼ਤਮ, ਵਾਪਸੀ ਸ਼ੁਰੂ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ ਮੌਨਸੂਨ ਦੀ ਵਾਪਸੀ, ਅਗਲੇ ਦਿਨਾਂ ’ਚ ਮੌਸਮ ਰਹੇਗਾ ਖੁਸ਼ਕ

ਦੱਖਣ-ਪੱਛਮੀ ਮੌਨਸੂਨ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਆਪਣੀ ਵਾਪਸੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਮੌਨਸੂਨ ਦੀ ਵਾਪਸੀ ਤੋਂ ਬਾਅਦ ਉੱਤਰੀ ਭਾਰਤ ਦੇ ਇਨ੍ਹਾਂ ਇਲਾਕਿਆਂ ਵਿੱਚ ਅਗਲੇ ਕੁਝ ਦਿਨ ਮੌਸਮ ਮੁੱਖ ਤੌਰ ’ਤੇ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਦਿਨ ਦੇ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਜਾ ਸਕਦਾ ਹੈ।

ਇਸ ਵਾਰ ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਦੀ ਸਰਗਰਮੀ ਉਮੀਦ ਮੁਤਾਬਕ ਨਹੀਂ ਰਹੀ, ਜਿਸ ਕਾਰਨ ਦੋਵਾਂ ਸੂਬਿਆਂ ਸਮੇਤ ਚੰਡੀਗੜ੍ਹ ਵਿੱਚ ਵੀ ਆਮ ਨਾਲੋਂ ਘੱਟ ਵਰਖਾ ਦਰਜ ਕੀਤੀ ਗਈ। ਅੰਕੜਿਆਂ ਮੁਤਾਬਕ ਪੰਜਾਬ ਵਿੱਚ ਆਮ ਨਾਲੋਂ 36 ਫ਼ੀਸਦੀ, ਹਰਿਆਣਾ ਵਿੱਚ 24 ਫ਼ੀਸਦੀ ਅਤੇ ਚੰਡੀਗੜ੍ਹ ਵਿੱਚ 14 ਫ਼ੀਸਦੀ ਘੱਟ ਮੀਂਹ ਪਿਆ।

ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਮੌਨਸੂਨ ਸੀਜ਼ਨ ਦੌਰਾਨ ਆਮ ਵਰਖਾ 419.2 ਐੱਮ.ਐੱਮ. ਰਹਿੰਦੀ ਹੈ, ਜਦਕਿ ਇਸ ਵਾਰ ਸਿਰਫ਼ 267.8 ਐੱਮ.ਐੱਮ. ਮੀਂਹ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਵਿੱਚ ਆਮ ਵਰਖਾ 413 ਐੱਮ.ਐੱਮ. ਦੇ ਮੁਕਾਬਲੇ ਇਸ ਵਾਰ 312.9 ਐੱਮ.ਐੱਮ. ਰਹੀ।

ਚੰਡੀਗੜ੍ਹ ਵਿੱਚ ਮੌਨਸੂਨ ਦੌਰਾਨ ਆਮ ਤੌਰ ’ਤੇ 821.7 ਐੱਮ.ਐੱਮ. ਵਰਖਾ ਹੁੰਦੀ ਹੈ, ਪਰ ਇਸ ਵਾਰ ਇੱਥੇ 708.1 ਐੱਮ.ਐੱਮ. ਮੀਂਹ ਹੀ ਪਿਆ, ਜੋ ਆਮ ਨਾਲੋਂ 14 ਫ਼ੀਸਦੀ ਘੱਟ ਹੈ।

ਮੌਸਮ ਵਿਗਿਆਨੀਆਂ ਮੁਤਾਬਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਤੋਂ ਮੌਨਸੂਨ ਦੀ ਵਾਪਸੀ ਦਾ ਦੌਰ ਸ਼ੁਰੂ ਹੋ ਗਿਆ ਹੈ। ਅਗਲੇ 3 ਤੋਂ 4 ਦਿਨਾਂ ਦੌਰਾਨ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਜਦਕਿ ਦਿਨ ਦੇ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋ ਸਕਦਾ ਹੈ।