ਪਤਨੀ ਦੇ ਫੋਨ ਦੀ ਜਾਸੂਸੀ ਕਰਨੀ ਪਤੀ ਨੂੰ ਪਈ ਮਹਿੰਗੀ, ਡਾਟਾ ਚੋਰੀ ਤੇ ਪ੍ਰਾਈਵੇਸੀ ਭੰਗ ਦਾ ਕੇਸ ਦਰਜ
ਹਰਿਆਣਾ ਵਿੱਚ ਆਪਣੀ ਪਤਨੀ ਦੇ ਕਥਿਤ ਪ੍ਰੇਮ ਸਬੰਧਾਂ ਬਾਰੇ ਪਤਾ ਲਗਾਉਣ ਲਈ ਉਸ ਦੇ ਮੋਬਾਈਲ ਫੋਨ ਦੀ ਕਥਿਤ ਤੌਰ ’ਤੇ ਜਾਸੂਸੀ ਕਰਵਾਉਣ ਵਾਲੇ ਵਿਅਕਤੀ ਖ਼ਿਲਾਫ਼ ਪੁਲੀਸ ਨੇ ਕਾਰਵਾਈ ਕੀਤੀ ਹੈ। ਪੁਲੀਸ ਵੱਲੋਂ ਸੂਚਨਾ ਤਕਨਾਲੋਜੀ (IT) ਐਕਟ, 2008 ਤਹਿਤ ਡਾਟਾ ਚੋਰੀ ਅਤੇ ਨਿੱਜਤਾ ਭੰਗ ਕਰਨ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਕਮਲ ਰਾਜ ਅਤੇ ਚੰਡੀਗੜ੍ਹ ਦੀ ਜਸਪ੍ਰੀਤ ਕੌਰ ਦਾ ਵਿਆਹ ਸਾਲ 2012 ਵਿੱਚ ਹੋਇਆ ਸੀ। ਦੋਵੇਂ ਪੰਚਕੂਲਾ ਸਥਿਤ ਚੰਡੀਮੰਦਰ ਮਿਲਟਰੀ ਸਟੇਸ਼ਨ ਤੋਂ ‘ਮੈਸਰਜ਼ ਓਮਕਾਰ ਫਾਈਨਾਂਸ਼ੀਅਲ ਸਰਵਿਸਿਜ਼’ ਨਾਮ ਦੀ ਫਰਮ ਚਲਾਉਂਦੇ ਸਨ। ਘਰੇਲੂ ਵਿਵਾਦ ਤੋਂ ਬਾਅਦ ਦੋਵੇਂ ਸਤੰਬਰ 2022 ਤੋਂ ਵੱਖ ਰਹਿ ਰਹੇ ਸਨ।
ਦੱਸਿਆ ਗਿਆ ਹੈ ਕਿ ਕਮਲ ਰਾਜ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਇੱਕ ਫੌਜੀ ਅਧਿਕਾਰੀ ਨਾਲ ਸਬੰਧ ਹਨ। ਇਸ ਸ਼ੱਕ ਦੇ ਚਲਦਿਆਂ ਉਸ ਨੇ ਕਥਿਤ ਤੌਰ ’ਤੇ ਨਿੱਜੀ ਜਾਸੂਸਾਂ ਦੀ ਮਦਦ ਲਈ ਅਤੇ ਪਤਨੀ ਦੇ ਮੋਬਾਈਲ ਫੋਨ ਦੀ ਨਿਗਰਾਨੀ ਕਰਵਾਈ। ਦੋਸ਼ ਹੈ ਕਿ ਇਸ ਦੌਰਾਨ ਕਾਲ ਲੌਗ, ਮੈਸੇਜ, ਵਟਸਐਪ ਅਤੇ ਸਿਗਨਲ ਐਪ ਦੀਆਂ ਕਾਲਾਂ ਤੇ ਚੈਟਾਂ ਤੋਂ ਇਲਾਵਾ ਫੋਨ ਦੇ ਕੈਮਰੇ ਤੱਕ ਪਹੁੰਚ ਹਾਸਲ ਕੀਤੀ ਗਈ।
ਅਗਸਤ 2024 ਵਿੱਚ ਕਮਲ ਰਾਜ ਨੇ ਵੈਸਟਰਨ ਕਮਾਂਡ ਕੋਲ ਸ਼ਿਕਾਇਤ ਦਾਇਰ ਕਰਦਿਆਂ ਦੋਸ਼ ਲਾਇਆ ਸੀ ਕਿ ਇੱਕ ਮੇਜਰ ਰੈਂਕ ਦੇ ਫੌਜੀ ਡਾਕਟਰ ਦੇ ਉਸ ਦੀ ਪਤਨੀ ਨਾਲ ਕਥਿਤ ਤੌਰ ’ਤੇ ਸਬੰਧ ਹਨ। ਮਾਮਲੇ ਦੀ ਜਾਂਚ ਲਈ ਬਣੀ ਫੌਜੀ ‘ਕੋਰਟ ਆਫ਼ ਇਨਕੁਆਰੀ’ ਦੌਰਾਨ ਕਮਲ ਰਾਜ ਨੇ ਕਥਿਤ ਤੌਰ ’ਤੇ ਮੰਨਿਆ ਕਿ ਉਸ ਨੇ ‘ਕੁਇੱਕਸਪਾਈ’ ਵੈੱਬਸਾਈਟ ਅਤੇ ਨਿੱਜੀ ਜਾਸੂਸਾਂ ਦੀ ਮਦਦ ਨਾਲ ਪਤਨੀ ਦੇ ਫੋਨ, ਕਾਰ ਅਤੇ ਘਰ ਬਾਰੇ ਜਾਣਕਾਰੀ ਇਕੱਠੀ ਕਰਵਾਈ ਸੀ।
ਲੈਫਟੀਨੈਂਟ ਕਰਨਲ ਨਰਿੰਦਰ ਪਾਲ ਸਿੰਘ ਦੀ ਅਗਵਾਈ ਹੇਠਲੀ ਜਾਂਚ ਕਮੇਟੀ ਨੇ ਦਸੰਬਰ 2024 ਵਿੱਚ ਫੌਜੀ ਅਧਿਕਾਰੀ ਨੂੰ ਕਲੀਨ ਚਿੱਟ ਦੇ ਦਿੱਤੀ। ਰਿਪੋਰਟ ਮੁਤਾਬਕ ਉਸ ਵਿਰੁੱਧ ਪੇਸ਼ ਕੀਤੇ ਗਏ ਸਬੂਤ ਤੀਜੀ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਹੋਏ ਸਨ।
ਇਸ ਤੋਂ ਬਾਅਦ ਜੁਲਾਈ 2025 ਵਿੱਚ ਦੋਵੇਂ ਪਤੀ-ਪਤਨੀ ਆਪਸੀ ਸਹਿਮਤੀ ਨਾਲ ਤਲਾਕ ਲੈ ਚੁੱਕੇ ਹਨ। ਤਲਾਕ ਤੋਂ ਬਾਅਦ ਜਸਪ੍ਰੀਤ ਕੌਰ ਨੇ ਮਾਣਹਾਨੀ ਦਾ ਮਾਮਲਾ ਵੀ ਦਾਇਰ ਕੀਤਾ ਅਤੇ ਫੌਜੀ ਜਾਂਚ ਰਿਪੋਰਟ ਦੇ ਆਧਾਰ ’ਤੇ 9 ਮਈ ਨੂੰ ਹਰਿਆਣਾ ਪੁਲੀਸ ਕੋਲ ਸ਼ਿਕਾਇਤ ਦਿੱਤੀ।
ਪੁਲੀਸ ਨੇ 12 ਸਤੰਬਰ ਨੂੰ ਕਮਲ ਰਾਜ ਅਤੇ ਉਸ ਦੇ ਦੋ ਕਰਮਚਾਰੀਆਂ ਖ਼ਿਲਾਫ਼ ਮੋਬਾਈਲ ਫੋਨ ਅਤੇ ਲੈਪਟਾਪ ਤੋਂ ਡਾਟਾ ਚੋਰੀ ਕਰਨ ਅਤੇ ਨਿੱਜਤਾ ਭੰਗ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ। ਪੰਚਕੂਲਾ ਦੇ ਪੁਲੀਸ ਕਮਿਸ਼ਨਰ ਪੰਕਜ ਨੈਨ ਨੇ ਦੱਸਿਆ ਕਿ ਸਪਾਈਵੇਅਰ ਰਾਹੀਂ ਕਿਸੇ ਡਿਵਾਈਸ ਤੱਕ ਵਿਆਪਕ ਪਹੁੰਚ ਹਾਸਲ ਕੀਤੀ ਜਾ ਸਕਦੀ ਹੈ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ।







