ਦਿੱਲੀ ਹਵਾਈ ਅੱਡੇ ’ਤੇ ਵੱਡੀ ਸੁਰੱਖਿਆ ਚੂਕ; ਤਿੰਨ ਯਾਤਰੀ ਬਿਨਾਂ ਇਮੀਗ੍ਰੇਸ਼ਨ ਕਲੀਅਰੈਂਸ ਜਰਮਨੀ ਪਹੁੰਚੇ

Delhi Airport Immigration: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੱਕ ਗੰਭੀਰ ਸੁਰੱਖਿਆ ਚੂਕ ਸਾਹਮਣੇ ਆਈ ਹੈ, ਜਿੱਥੇ ਤਿੰਨ ਵਿਦੇਸ਼ੀ ਨਾਗਰਿਕ ਲਾਜ਼ਮੀ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਬਿਨਾਂ ਹੀ ਭਾਰਤ ਤੋਂ ਜਰਮਨੀ ਲਈ ਰਵਾਨਾ ਹੋ ਗਏ। ਮਾਮਲੇ ਨੂੰ ਗੰਭੀਰ ਮੰਨਦਿਆਂ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਇਟਲੀ ਦੇ ਨਾਗਰਿਕ ਸੁਰਜੀਤ ਸਿੰਘ, ਬਲਵਿੰਦਰ ਕੌਰ ਅਤੇ ਗੁਰਦੇਵ ਸਿੰਘ 3-4 ਸਤੰਬਰ ਦੀ ਰਾਤ ਏਅਰ ਇੰਡੀਆ ਦੀ ਉਡਾਣ ਏਆਈ-1115 ਰਾਹੀਂ ਅੰਮ੍ਰਿਤਸਰ ਤੋਂ ਦਿੱਲੀ ਪਹੁੰਚੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 4 ਸਤੰਬਰ ਨੂੰ ਸਵੇਰੇ ਲੁਫ਼ਥਾਂਸਾ ਦੀ ਮਿਊਨਿਖ ਜਾਣ ਵਾਲੀ ਉਡਾਣ ਐੱਲਐੱਚ-763 ਫੜ ਲਈ। ਹਾਲਾਂਕਿ, ਜਾਂਚ ਦੌਰਾਨ ਸਾਹਮਣੇ ਆਇਆ ਕਿ ਉਨ੍ਹਾਂ ਨੇ ਦੇਸ਼ ਤੋਂ ਰਵਾਨਗੀ ਲਈ ਲੋੜੀਂਦੀ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਨਹੀਂ ਕੀਤੀ ਸੀ।

ਮੰਤਰਾਲੇ ਦੇ ਨੋਟਿਸ ਅਨੁਸਾਰ ਯਾਤਰੀਆਂ ਨੂੰ ਅੰਮ੍ਰਿਤਸਰ ਵਿੱਚ ਹੀ ਅੰਮ੍ਰਿਤਸਰ-ਦਿੱਲੀ ਅਤੇ ਅੱਗੇ ਮਿਊਨਿਖ ਲਈ ਬੋਰਡਿੰਗ ਪਾਸ ਜਾਰੀ ਕਰ ਦਿੱਤੇ ਗਏ ਸਨ। ਦਿੱਲੀ ਪਹੁੰਚਣ ਉਪਰੰਤ ਉਨ੍ਹਾਂ ਨੂੰ ਘਰੇਲੂ ਟਰਾਂਸਫਰ ਖੇਤਰ ਦੀ ਬਜਾਏ ਗਲਤੀ ਨਾਲ ਅੰਤਰਰਾਸ਼ਟਰੀ ਟਰਾਂਸਫਰ ਜ਼ੋਨ ਵਿੱਚ ਭੇਜ ਦਿੱਤਾ ਗਿਆ। ਇਸ ਕਾਰਨ ਉਹ ਇਮੀਗ੍ਰੇਸ਼ਨ ਕਾਊਂਟਰਾਂ ਤੋਂ ਗੁਜ਼ਰੇ ਬਿਨਾਂ ਹੀ ਆਪਣੀ ਅਗਲੀ ਉਡਾਣ ਤੱਕ ਪਹੁੰਚ ਗਏ।

ਮੰਤਰਾਲੇ ਨੇ ਕਿਹਾ ਕਿ ਇਹ ਘਟਨਾ ਮੌਜੂਦਾ ਸੁਰੱਖਿਆ ਪ੍ਰੋਟੋਕੋਲ ਅਤੇ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐੱਸਓਪੀ) ਦੀ ਉਲੰਘਣਾ ਹੈ। ਨਿਯਮਾਂ ਅਨੁਸਾਰ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਆਵਾਜਾਈ ਨੂੰ ਸਖ਼ਤੀ ਨਾਲ ਵੱਖ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਪੂਰੀ ਤਸਦੀਕ ਕੀਤੀ ਜਾਂਦੀ ਹੈ।

ਨੋਟਿਸ ਵਿੱਚ ਇਹ ਵੀ ਉਲੇਖ ਕੀਤਾ ਗਿਆ ਹੈ ਕਿ ਏਅਰ ਇੰਡੀਆ ਵੱਲੋਂ ਨਿਰਧਾਰਤ ਡੋਮੈਸਟਿਕ ਜਾਂ ਇੰਟਰਨੈਸ਼ਨਲ ਬੋਰਡਿੰਗ ਪਾਸਾਂ ਦੀ ਥਾਂ ਲੁਫ਼ਥਾਂਸਾ ਦੀ ਅੱਗੇ ਵਾਲੀ ਯਾਤਰਾ ਲਈ ਇੱਕ ਵੱਖਰੀ ਸ਼੍ਰੇਣੀ ਦਾ ਬੋਰਡਿੰਗ ਪਾਸ ਜਾਰੀ ਕੀਤਾ ਗਿਆ, ਜਿਸ ਨੂੰ ਨਿਯਮਾਂ ਦੇ ਉਲਟ ਮੰਨਿਆ ਜਾ ਰਿਹਾ ਹੈ।

ਮੰਤਰਾਲੇ ਨੇ ਏਅਰ ਇੰਡੀਆ ਨੂੰ ਸੱਤ ਦਿਨਾਂ ਅੰਦਰ ਸਾਰੇ ਸਬੰਧਤ ਦਸਤਾਵੇਜ਼ਾਂ ਸਮੇਤ ਆਪਣਾ ਜਵਾਬ ਪੇਸ਼ ਕਰਨ ਲਈ ਕਿਹਾ ਹੈ। ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸੰਤੋਸ਼ਜਨਕ ਜਵਾਬ ਨਾ ਮਿਲਿਆ ਤਾਂ ਏਅਰਲਾਈਨ ਖ਼ਿਲਾਫ਼ ਪ੍ਰਸ਼ਾਸਨਿਕ ਅਤੇ ਰੈਗੂਲੇਟਰੀ ਕਾਰਵਾਈ ਕੀਤੀ ਜਾ ਸਕਦੀ ਹੈ।