ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦੇ ਭਵਿੱਖ ਅਤੇ ਇਸ ਨਾਲ ਜੁੜੇ ਸੰਭਾਵੀ ਖ਼ਤਰਿਆਂ ਬਾਰੇ ਪ੍ਰਮੁੱਖ ਤਕਨੀਕੀ ਕੰਪਨੀਆਂ ਦੇ ਮੁਖੀਆਂ ਵੱਲੋਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਦਾ ਅਸਰ ਸੋਮਵਾਰ ਨੂੰ ਵਿਸ਼ਵ ਭਰ ਦੇ ਵਿੱਤੀ ਬਾਜ਼ਾਰਾਂ ’ਤੇ ਵੇਖਣ ਨੂੰ ਮਿਲਿਆ। ਏਆਈ ਖੇਤਰ ਨਾਲ ਸਬੰਧਤ ਕੰਪਨੀਆਂ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਸ ਉਦਯੋਗ ਵਿੱਚ ਹੋ ਰਹੇ ਵੱਡੇ ਨਿਵੇਸ਼ਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਗਏ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਏਆਈ ਉਦਯੋਗ ਦਾ ਵੱਡਾ ਹਿੱਸਾ ਕਰਜ਼ੇ ਅਤੇ ਬਾਹਰੀ ਫੰਡਿੰਗ ’ਤੇ ਨਿਰਭਰ ਕਰਦਾ ਹੈ, ਜਦੋਂ ਕਿ ਦੁਨੀਆ ਭਰ ਵਿੱਚ ਵਿਆਜ ਦਰਾਂ ਵਧਣ ਕਾਰਨ ਨਿਵੇਸ਼ਕ ਹੋਰ ਸਾਵਧਾਨ ਹੋ ਰਹੇ ਹਨ। ਇਸੇ ਦਰਮਿਆਨ ਐਂਥ੍ਰੋਪਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਰੀਓ ਅਮੋਡੀ ਨੇ ਏਆਈ ਮਾਡਲਾਂ ਦੇ ਤੇਜ਼ ਵਿਕਾਸ ਦੀ ਰਫ਼ਤਾਰ ਨੂੰ ਹੌਲੀ ਕਰਨ ਦੀ ਲੋੜ ਉੱਭਾਰੀ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੀ ਸੰਭਾਵਿਤ ਦੁਰਵਰਤੋਂ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈ।
ਅਮੋਡੀ ਦੇ ਵਿਚਾਰਾਂ ਨਾਲ ਟੈਸਲਾ ਅਤੇ xAI ਦੇ ਮੁਖੀ ਇਲੌਨ ਮਸਕ ਅਤੇ ਓਪਨਏਆਈ ਦੇ ਸੀਈਓ ਸੈਮ ਅਲਟਮੈਨ ਨੇ ਵੀ ਸਹਿਮਤੀ ਜਤਾਈ। ਅਲਟਮੈਨ ਨੇ ਸੁਰੱਖਿਆ ਸੰਬੰਧੀ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਇਹ ਵੀ ਕਿਹਾ ਕਿ ਕੰਪਨੀ ਇਸ ਸਾਲ ਆਪਣੀ ਸੰਭਾਵਿਤ ਆਈਪੀਓ ਯੋਜਨਾ ਨਾਲ ਅੱਗੇ ਨਹੀਂ ਵਧੇਗੀ।
ਇਨ੍ਹਾਂ ਬਿਆਨਾਂ ਤੋਂ ਬਾਅਦ ਅਮਰੀਕਾ ਦਾ ਨੈਸਡੈਕ 100 ਸੂਚਕ ਅੰਕ 1.2 ਫੀਸਦੀ ਤੱਕ ਹੇਠਾਂ ਆ ਗਿਆ। ਚਿੱਪ ਨਿਰਮਾਤਾ ਕੰਪਨੀਆਂ ਦੇ ਸ਼ੇਅਰਾਂ ਵਿੱਚ ਖ਼ਾਸ ਤੌਰ ’ਤੇ ਗਿਰਾਵਟ ਵੇਖੀ ਗਈ। ਐਨਵੀਡੀਆ, ਏਐਮਡੀ ਅਤੇ ਮਾਈਕ੍ਰੋਨ ਵਰਗੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਮਹੱਤਵਪੂਰਨ ਕਮੀ ਦਰਜ ਹੋਈ। ਯੂਰਪ ਅਤੇ ਏਸ਼ੀਆ ਦੇ ਤਕਨੀਕੀ ਬਾਜ਼ਾਰ ਵੀ ਇਸ ਅਸਰ ਤੋਂ ਬਚ ਨਹੀਂ ਸਕੇ। ਜਪਾਨ ਦੀ ਸਾਫਟਬੈਂਕ ਅਤੇ ਹੋਰ ਚਿੱਪ ਨਿਰਮਾਤਾ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੀ ਤੇਜ਼ ਗਿਰਾਵਟ ਆਈ।
ਏਆਈ ਦੇ ਸੰਭਾਵੀ ਖ਼ਤਰਿਆਂ ’ਤੇ ਚਰਚਾ ਤੇਜ਼
ਏਆਈ ਨਾਲ ਜੁੜੀਆਂ ਚਿੰਤਾਵਾਂ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਐਂਥ੍ਰੋਪਿਕ ਦੇ ਇੱਕ ਖੋਜਕਰਤਾ ਨੇ ਅਸਤੀਫ਼ਾ ਦਿੰਦਿਆਂ ਦਾਅਵਾ ਕੀਤਾ ਕਿ ਉਦਯੋਗ ਦੇ ਕੁਝ ਲੋਕ ਏਆਈ ਨੂੰ ਮਨੁੱਖਤਾ ਲਈ ਗੰਭੀਰ ਖ਼ਤਰਾ ਮੰਨਦੇ ਹਨ। ਇਸ ਤੋਂ ਬਾਅਦ ਕੰਪਨੀ ਦੀ ਇੱਕ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ ਏਆਈ ਮਾਡਲਾਂ ਦੀ ਵਰਤੋਂ ਹਥਿਆਰ ਵਿਕਾਸ, ਸਾਈਬਰ ਹਮਲਿਆਂ, ਨਿਗਰਾਨੀ ਅਤੇ ਧੋਖਾਧੜੀ ਵਰਗੀਆਂ ਗਤੀਵਿਧੀਆਂ ਵਿੱਚ ਕੀਤੀ ਜਾ ਰਹੀ ਹੈ।
ਅਮੋਡੀ ਨੇ ਆਪਣੇ ਲੇਖ ਵਿੱਚ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਮਹੀਨਿਆਂ ਵਿੱਚ ਏਆਈ ਏਜੰਟ ਇੰਟਰਨੈੱਟ ਦੇ ਵੱਡੇ ਹਿੱਸੇ ’ਤੇ ਪ੍ਰਭਾਵ ਪਾਉਣ ਦੇ ਯੋਗ ਹੋ ਸਕਦੇ ਹਨ ਅਤੇ ਇਸ ਨਾਲ ਵਿਸ਼ਵ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਣ ਦਾ ਖ਼ਤਰਾ ਬਣ ਸਕਦਾ ਹੈ। ਦੂਜੇ ਪਾਸੇ, ਸੈਮ ਅਲਟਮੈਨ ਨੇ ਵੀ ਮੰਨਿਆ ਕਿ ਏਆਈ ਨਾਲ ਜੁੜੇ ਕੁਝ ਖ਼ਤਰੇ ਅਜਿਹੇ ਹਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਇਸ ਮਾਮਲੇ ’ਤੇ ਅਮਰੀਕਾ ਵਿੱਚ ਵੀ ਚਰਚਾ ਤੇਜ਼ ਹੋ ਗਈ ਹੈ। ਕਈ ਕਾਨੂੰਨਸਾਜ਼ ਏਆਈ ਲਈ ਸਖ਼ਤ ਨਿਯਮਾਂ ਦੀ ਮੰਗ ਕਰ ਰਹੇ ਹਨ, ਜਦੋਂ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਨ੍ਹਾਂ ਚਿੰਤਾਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਦੱਸਿਆ ਹੈ।
ਨਿਵੇਸ਼ਕਾਂ ਵਿੱਚ ਵੱਖ-ਵੱਖ ਰਾਏ
ਹਾਲਾਂਕਿ ਹਰ ਕੋਈ ਏਆਈ ਬਾਰੇ ਇਨ੍ਹਾਂ ਚੇਤਾਵਨੀਆਂ ਨਾਲ ਸਹਿਮਤ ਨਹੀਂ ਹੈ। ਕੁਝ ਨਿਵੇਸ਼ਕਾਂ ਦਾ ਮੰਨਣਾ ਹੈ ਕਿ ਇਹ ਖ਼ਦਸ਼ੇ ਹਕੀਕਤ ਨਾਲੋਂ ਵੱਧ ਪ੍ਰਚਾਰ ਦਾ ਹਿੱਸਾ ਹਨ। ਮਸ਼ਹੂਰ ਨਿਵੇਸ਼ਕ ਮਾਈਕਲ ਬਰੀ ਨੇ ਇਨ੍ਹਾਂ ਚਿਤਾਵਨੀਆਂ ਨੂੰ “ਹਾਈਪ” ਕਰਾਰ ਦਿੱਤਾ ਹੈ।
ਇਸ ਸਭ ਦੇ ਬਾਵਜੂਦ ਏਆਈ ਉਦਯੋਗ ਵਿੱਚ ਨਿਵੇਸ਼ ਦੀ ਰਫ਼ਤਾਰ ਹੌਲੀ ਨਹੀਂ ਪਈ। ਸੂਤਰਾਂ ਮੁਤਾਬਕ ਐਂਥ੍ਰੋਪਿਕ ਆਪਣੇ ਜਨਤਕ ਇਸ਼ੂ ਦੀਆਂ ਤਿਆਰੀਆਂ ਜਾਰੀ ਰੱਖ ਰਹੀ ਹੈ ਅਤੇ ਐਨਵੀਡੀਆ ਨੂੰ ਵੱਡੇ ਨਿਵੇਸ਼ਕ ਵਜੋਂ ਜੋੜਨ ’ਤੇ ਵਿਚਾਰ ਕਰ ਰਹੀ ਹੈ। ਇਸੇ ਤਰ੍ਹਾਂ ਜਪਾਨ ਦੀ ਚਿੱਪ ਨਿਰਮਾਤਾ ਕੰਪਨੀ ਕਿਓਕੀਆ ਵੀ ਅਮਰੀਕੀ ਬਾਜ਼ਾਰ ਵਿੱਚ ਸੂਚੀਬੱਧ ਹੋ ਕੇ ਅਰਬਾਂ ਡਾਲਰ ਇਕੱਠੇ ਕਰਨ ਦੀ ਯੋਜਨਾ ਬਣਾ ਰਹੀ ਹੈ।







