Canada News: 8 ਸਾਲਾਂ ਬਾਅਦ ਪੰਜਾਬੀ ਪਰਿਵਾਰ ਦੀ ਕੈਨੇਡਾ ਤੋਂ ਹੋਈ ਡਿਪੋਰਟੇਸ਼ਨ

Canada Deportation: 8 ਸਾਲ ਕੈਨੇਡਾ ’ਚ ਰਹੇ ਪੰਜਾਬੀ ਪਰਿਵਾਰ ਨੂੰ ਭਾਰਤ ਕੀਤਾ ਡਿਪੋਰਟ

ਕੈਨੇਡਾ: ਕੈਨੇਡਾ ਸਰਕਾਰ ਨੇ ਲਗਭਗ 8 ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਆਏ ਇੱਕ ਭਾਰਤੀ ਪਰਿਵਾਰ ਦੀ ਸ਼ਰਨ ਲਈ ਕੀਤੀ ਅਰਜ਼ੀ ਰੱਦ ਕਰਦਿਆਂ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ। ਕਿਊਬਕ ਸੂਬੇ ਵਿੱਚ ਰਹਿ ਰਹੇ ਇਸ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਨੇਡਾ ਨੂੰ ਆਪਣਾ ਘਰ ਸਮਝਦਿਆਂ ਸਾਲਾਂ ਤੱਕ ਮਿਹਨਤ ਕੀਤੀ ਅਤੇ ਟੈਕਸ ਅਦਾ ਕੀਤੇ, ਪਰ ਇਮੀਗ੍ਰੇਸ਼ਨ ਵਿਭਾਗ ਨੇ ਭਾਰਤ ਵਿੱਚ ਜਾਨ ਨੂੰ ਖਤਰੇ ਸਬੰਧੀ ਉਨ੍ਹਾਂ ਦੇ ਦਾਅਵੇ ਅਤੇ ਮਨੁੱਖੀ ਆਧਾਰ ’ਤੇ ਰਹਿਣ ਦੀ ਅਪੀਲ ਨੂੰ ਮਨਜ਼ੂਰੀ ਨਹੀਂ ਦਿੱਤੀ।

ਜਲੰਧਰ ਦੇ ਗੁਰਾਇਆ ਨਾਲ ਸਬੰਧਤ ਪਰਿਵਾਰ ਦੇ ਮੁਖੀ ਹਰੀਸ਼ ਨੇ ਕੈਨੇਡਾ ਵਿੱਚ ਕਈ ਸਾਲ ਟਰੱਕ ਡਰਾਈਵਰ ਵਜੋਂ ਕੰਮ ਕੀਤਾ। ਉਸ ਦੀ ਪਤਨੀ ਵੀ ਨੌਕਰੀ ਕਰਦੀ ਰਹੀ ਅਤੇ ਦੋਵੇਂ ਆਪਣੇ ਬੱਚਿਆਂ ਦੀ ਪਰਵਰਿਸ਼ ਕੈਨੇਡਾ ਵਿੱਚ ਕਰ ਰਹੇ ਸਨ। ਪਰਿਵਾਰ ਵੱਲੋਂ ਮਨੁੱਖਤਾਵਾਦੀ ਅਤੇ ਹਮਦਰਦੀ ਦੇ ਆਧਾਰ ’ਤੇ ਕੈਨੇਡਾ ਵਿੱਚ ਰਹਿਣ ਦੀ ਕੀਤੀ ਗਈ ਬੇਨਤੀ ਵੀ ਰੱਦ ਕਰ ਦਿੱਤੀ ਗਈ।

ਪਰਿਵਾਰ ਦੇ 14 ਸਾਲਾ ਪੁੱਤਰ ਜਪੇਸ਼ ਨੇ ਕਿਹਾ ਕਿ ਉਸ ਦਾ ਬਚਪਨ ਕੈਨੇਡਾ ਵਿੱਚ ਹੀ ਬੀਤਿਆ ਹੈ ਅਤੇ ਉਸ ਦੇ ਦੋਸਤ ਤੇ ਜਾਣ-ਪਛਾਣ ਵਾਲੇ ਵੀ ਇੱਥੇ ਹੀ ਹਨ। ਉਸ ਮੁਤਾਬਕ ਭਾਰਤ ਵਾਪਸ ਜਾਣ ਤੋਂ ਬਾਅਦ ਉਸ ਨੂੰ ਇਕੱਲਾਪਣ ਮਹਿਸੂਸ ਹੋਵੇਗਾ। ਦੂਜੇ ਪੁੱਤਰ ਗੌਲਾਸ਼ ਨੇ ਕਿਹਾ ਕਿ ਉਸ ਨੂੰ ਅਜਿਹੇ ਦੇਸ਼ ਵਿੱਚ ਭੇਜਿਆ ਜਾ ਰਿਹਾ ਹੈ, ਜਿਸ ਬਾਰੇ ਉਹ ਬਹੁਤ ਘੱਟ ਜਾਣਦਾ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਕਰੀਬ 4 ਸਾਲ ਦੀ ਉਮਰ ਵਿੱਚ ਮਾਪਿਆਂ ਨਾਲ ਭਾਰਤ ਤੋਂ ਕੈਨੇਡਾ ਆਇਆ ਸੀ ਤਾਂ ਉਸ ਨੂੰ ਉਸ ਸਮੇਂ ਦੀਆਂ ਬਹੁਤੀਆਂ ਗੱਲਾਂ ਯਾਦ ਨਹੀਂ ਹਨ।

ਪਰਿਵਾਰ ਮੁਤਾਬਕ 4 ਸਤੰਬਰ ਨੂੰ ਉਨ੍ਹਾਂ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਸ਼ਰਨ ਦੀ ਅਰਜ਼ੀ ਰੱਦ ਹੋਣ ਕਾਰਨ 7 ਸਤੰਬਰ ਨੂੰ ਉਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇਗਾ।

ਇਸ ਮਾਮਲੇ ’ਤੇ ਇਮੀਗ੍ਰੈਂਟ ਵਰਕਰ ਸੈਂਟਰ ਨਾਲ ਜੁੜੇ ਕਾਰਕੁੰਨ ਮੁਸਤਫਾ ਹੈਨਾਵੇ ਨੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਹਰੀਸ਼ ਨੇ ਟਰੱਕ ਡਰਾਈਵਰ ਵਜੋਂ ਕੰਮ ਕਰਦਿਆਂ ਕੈਨੇਡਾ ਦੀ ਅਰਥਵਿਵਸਥਾ ਵਿੱਚ ਯੋਗਦਾਨ ਪਾਇਆ, ਇਸ ਦੇ ਬਾਵਜੂਦ ਉਸ ਨੂੰ ਡਿਪੋਰਟ ਕਰਨਾ ਅਨਿਆਂਪੂਰਨ ਹੈ। ਉਨ੍ਹਾਂ ਖ਼ਾਸ ਤੌਰ ’ਤੇ ਬੱਚਿਆਂ ਦੀ ਸਥਿਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪਰਵਰਿਸ਼ ਅਤੇ ਸੋਚ ਕੈਨੇਡੀਅਨ ਮਾਹੌਲ ਵਿੱਚ ਹੋਈ ਹੈ।

ਭਾਰਤ ਵਿੱਚ ਖਤਰੇ ਦਾ ਦੱਸਿਆ ਸੀ ਦਾਅਵਾ

ਹਰੀਸ਼ 2018 ਵਿੱਚ ਸੈਲਾਨੀ ਵੀਜ਼ੇ ’ਤੇ ਕੈਨੇਡਾ ਪਹੁੰਚਿਆ ਸੀ ਅਤੇ ਬਾਅਦ ਵਿੱਚ ਸ਼ਰਨ ਲਈ ਅਰਜ਼ੀ ਦਾਇਰ ਕੀਤੀ। ਆਪਣੀ ਅਰਜ਼ੀ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਭਾਰਤ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਅਤੇ ਇੱਕ ਸਿਆਸੀ ਆਗੂ ਦੇ ਕਥਿਤ ਦਬਾਅ ਕਾਰਨ ਪੁਲੀਸ ਨੇ ਉਸ ਖ਼ਿਲਾਫ਼ ਝੂਠੇ ਮਾਮਲੇ ਦਰਜ ਕਰਕੇ ਉਸ ਨੂੰ ਪਰੇਸ਼ਾਨ ਕੀਤਾ।

ਹਰੀਸ਼ ਨੇ ਆਪਣੀ ਅਰਜ਼ੀ ਵਿੱਚ ਇਹ ਵੀ ਦੋਸ਼ ਲਗਾਇਆ ਸੀ ਕਿ ਅਗਸਤ 2017 ਵਿੱਚ ਉਸ ਨੂੰ ਕਈ ਦਿਨ ਗੈਰ-ਕਾਨੂੰਨੀ ਤੌਰ ’ਤੇ ਹਿਰਾਸਤ ਵਿੱਚ ਰੱਖ ਕੇ ਕਥਿਤ ਤੌਰ ’ਤੇ ਤਸ਼ੱਦਦ ਕੀਤਾ ਗਿਆ। ਉਸ ਨੇ ਕਿਹਾ ਸੀ ਕਿ ਇਸ ਤੋਂ ਬਾਅਦ ਉਸ ਨੂੰ ਆਪਣੀ ਜਾਨ ਦਾ ਖਤਰਾ ਮਹਿਸੂਸ ਹੋਣ ਲੱਗਾ ਅਤੇ ਉਹ ਸੁਰੱਖਿਆ ਦੀ ਭਾਲ ਵਿੱਚ ਕੈਨੇਡਾ ਆਇਆ।

ਉੱਧਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਇੱਕ ਅਧਿਕਾਰੀ ਮੁਤਾਬਕ, ਜਦੋਂ ਕਿਸੇ ਵਿਅਕਤੀ ਨੂੰ ਦੇਸ਼ ਛੱਡਣ ਦਾ ਅੰਤਿਮ ਹੁਕਮ ਜਾਰੀ ਹੋ ਜਾਂਦਾ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ ਤਾਂ ਏਜੰਸੀ ਲਈ ਉਸ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਅੱਗੇ ਵਧਾਉਣਾ ਲਾਜ਼ਮੀ ਹੁੰਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਸੇ ਤਰ੍ਹਾਂ ਦੇ ਹੋਰ ਵੀ ਹਜ਼ਾਰਾਂ ਮਾਮਲੇ ਏਜੰਸੀ ਕੋਲ ਵਿਚਾਰ ਅਧੀਨ ਹਨ ਅਤੇ ਉਨ੍ਹਾਂ ਵਿਅਕਤੀਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ।