DHS Poster Controversy: ‘ਮਿਸਟਰ ਸਿੰਘ’ ਵਾਲੇ ਪੋਸਟਰ ’ਤੇ ਸਿੱਖਾਂ ਤੇ ਪੰਜਾਬੀਆਂ ਦਾ ਰੋਸ, ਨਸਲੀ ਪ੍ਰੋਫਾਈਲਿੰਗ ਦੇ ਦੋਸ਼
ਅਮਰੀਕਾ: ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਵਿਭਾਗ (DHS) ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝਾ ਕੀਤੇ ਗਏ ਇੱਕ ਪੋਸਟਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਟਰੰਪ ਪ੍ਰਸ਼ਾਸਨ ਦੀ ‘ਸੈਲਫ-ਡੀਪੋਰਟੇਸ਼ਨ’ ਮੁਹਿੰਮ ਤਹਿਤ ਜਾਰੀ ਕੀਤੇ ਗਏ ਇਸ ਪੋਸਟਰ ’ਤੇ ਸਿੱਖ ਜਥੇਬੰਦੀਆਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਨਸਲੀ ਪ੍ਰੋਫਾਈਲਿੰਗ ਅਤੇ ਭਾਰਤ-ਵਿਰੋਧੀ ਸੁਨੇਹਾ ਦੇਣ ਦੇ ਦੋਸ਼ ਲਗਾਏ ਗਏ ਹਨ।
ਪੋਸਟਰ ਵਿੱਚ ‘ਟਰਾਂਸਫਾਰਮਰਜ਼’ ਫਿਲਮ ਦੀ ਸ਼ੈਲੀ ਨਾਲ ਮਿਲਦੇ-ਜੁਲਦੇ ਅੰਦਾਜ਼ ਵਿੱਚ “Self-deport or find out” ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਲਾਈਨ ਵਿੱਚ ਕਿਹਾ ਗਿਆ ਹੈ, “ਸਾਡੀਆਂ ਸੜਕਾਂ ਤੋਂ ਹਟ ਜਾਓ, ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ, ਮਿਸਟਰ ਸਿੰਘ।” ਪੋਸਟਰ ਵਿੱਚ ‘ਸਿੰਘ’ ਸਰਨੇਮ ਦੀ ਖਾਸ ਵਰਤੋਂ ਨੂੰ ਲੈ ਕੇ ਭਾਰਤੀ-ਅਮਰੀਕੀ ਅਤੇ ਸਿੱਖ ਸੰਗਠਨਾਂ ਨੇ ਸਖ਼ਤ ਇਤਰਾਜ਼ ਜਤਾਇਆ ਹੈ।
ਆਲੋਚਕਾਂ ਦਾ ਕਹਿਣਾ ਹੈ ਕਿ ‘ਸਿੰਘ’ ਨੂੰ ਡਰਾਈਵਿੰਗ ਨਾਲ ਜੁੜੀਆਂ ਕਥਿਤ ਉਲੰਘਣਾਵਾਂ ਦੇ ਸੰਦਰਭ ਵਿੱਚ ਵਰਤਣਾ ਦੱਖਣੀ ਏਸ਼ੀਆਈ, ਖ਼ਾਸ ਕਰਕੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਨਸਲੀ ਪਛਾਣ ਬਣਾਉਂਦਾ ਹੈ। ਇਹ ਪੋਸਟਰ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਟਰੰਪ ਪ੍ਰਸ਼ਾਸਨ ਵੱਲੋਂ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਅਤੇ ਕਮਰਸ਼ੀਅਲ ਟਰੱਕ ਡਰਾਈਵਰਾਂ ਸਬੰਧੀ ਨਿਯਮਾਂ ਨੂੰ ਸਖ਼ਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਮਾਮਲੇ ’ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਵੀ DHS ਦੀ ਆਲੋਚਨਾ ਕੀਤੀ ਹੈ। ਫਾਊਂਡੇਸ਼ਨ ਨੇ ਦੋਸ਼ ਲਗਾਇਆ ਕਿ ‘ਸਿੰਘ’ ਸਰਨੇਮ ਵਾਲੇ ਲੋਕਾਂ ਨੂੰ ਇਸ ਤਰੀਕੇ ਨਾਲ ਦਰਸਾਉਣਾ ‘ਭਾਰਤ-ਵਿਰੋਧੀ ਪ੍ਰੋਫਾਈਲਿੰਗ’ ਹੈ। ਸੰਸਥਾ ਨੇ ਕਿਹਾ ਕਿ ਸਿੰਘ ਸਰਨੇਮ ਵਾਲੇ ਲੋਕਾਂ ਵਿੱਚ ਹਿੰਦੂ, ਸਿੱਖ ਅਤੇ ਅਮਰੀਕੀ ਨਾਗਰਿਕ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਡਰਾਈਵਿੰਗ ਨਾਲ ਜੋੜ ਕੇ ਦੇਖਣਾ ਠੀਕ ਨਹੀਂ। ਫਾਊਂਡੇਸ਼ਨ ਨੇ FBI ਨੂੰ ਮਾਮਲੇ ਦਾ ਨੋਟਿਸ ਲੈਣ ਅਤੇ ਜਾਂਚ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ‘ਟਰਾਂਸਫਾਰਮਰਜ਼’ ਨਾਲ ਸਬੰਧਤ ਫਿਲਮ ਕੰਪਨੀ ਪੈਰਾਮਾਊਂਟ ਪਿਕਚਰਜ਼ ਦਾ ਧਿਆਨ ਵੀ ਇਸ ਪੋਸਟਰ ਵੱਲ ਦਿਵਾਇਆ ਗਿਆ ਹੈ।
ਫੌਕਸ 7 ਨਿਊਜ਼ ਦੇ ਐਂਕਰ ਐਲੇਕ ਨੋਲਨ ਨੇ ਵੀ ਪੋਸਟਰ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਆਪਣੀ ਪਰਿਵਾਰਕ ਪਿਛੋਕੜ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਦਾ ਨਾਮ ਡੈਨ ਸਿੰਘ ਸੀ ਅਤੇ ਉਨ੍ਹਾਂ ਦੇ ਪੜਦਾਦਾ ਕਥਾ ਸਿੰਘ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਭਾਰਤ ਤੋਂ ਅਮਰੀਕਾ ਆਏ ਸਨ। ਉਨ੍ਹਾਂ ਮੁਤਾਬਕ ਪਰਿਵਾਰ ਨੇ ਕੈਲੀਫੋਰਨੀਆ ਵਿੱਚ ਖੇਤੀ ਕੀਤੀ ਅਤੇ ਉਨ੍ਹਾਂ ਦੇ ਦਾਦਾ ਜੀ ਨੇ ਟਰੱਕ ਡਰਾਈਵਰ ਵਜੋਂ ਵੀ ਕੰਮ ਕੀਤਾ। ਨੋਲਨ ਨੇ ਪੋਸਟਰ ਨੂੰ ਨਸਲੀ ਕਰਾਰ ਦਿੰਦਿਆਂ ਕਿਹਾ ਕਿ ਇਹ ‘ਸਿੰਘ’ ਨਾਮ ਵਾਲੇ ਲੋਕਾਂ ਲਈ ਅਪਮਾਨਜਨਕ ਹੈ।
ਇਹ ਵਿਵਾਦ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਟਰੰਪ ਪ੍ਰਸ਼ਾਸਨ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਰਹਿ ਰਹੇ ਲੋਕਾਂ ਨੂੰ ਖੁਦ ਦੇਸ਼ ਛੱਡਣ ਲਈ ਲਗਾਤਾਰ ਉਤਸ਼ਾਹਿਤ ਅਤੇ ਚਿਤਾਵਨੀ ਦੇ ਰਿਹਾ ਹੈ। ਹਾਲਾਂਕਿ, ਪੋਸਟਰ ਵਿੱਚ ‘ਸਿੰਘ’ ਸਰਨੇਮ ਦੀ ਵਰਤੋਂ ਨੂੰ ਲੈ ਕੇ ਸਿੱਖ ਅਤੇ ਭਾਰਤੀ-ਅਮਰੀਕੀ ਭਾਈਚਾਰੇ ਵਿੱਚ ਉੱਠੇ ਇਤਰਾਜ਼ ਨੇ ਇਸ ਮੁਹਿੰਮ ਦੇ ਤਰੀਕੇ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।







