ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ‘ਤੇ ਕੈਨੇਡਾ ਦੇ ਐਬਟਸਫੋਰਡ ਵਿੱਚ ਕਥਿਤ ਤੌਰ ’ਤੇ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਸ਼ਨੀਵਾਰ ਦੇਰ ਰਾਤ ਕਰੀਬ 11 ਵਜੇ ਵਾਪਰੀ, ਜਦੋਂ ਐਮੀ ਵਿਰਕ ਇੱਕ ਸ਼ੋਅ ਤੋਂ ਬਾਅਦ ਆਪਣੀ ਰੋਲਸ ਰਾਇਸ ਕਾਰ ਰਾਹੀਂ ਵਾਪਸ ਜਾ ਰਹੇ ਸਨ। ਇਸੇ ਦੌਰਾਨ ਅਣਪਛਾਤੇ ਹਮਲਾਵਰਾਂ ਵੱਲੋਂ ਉਨ੍ਹਾਂ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਈਆਂ ਗਈਆਂ। ਸੂਤਰਾਂ ਮੁਤਾਬਕ ਕਾਰ ’ਤੇ ਕਰੀਬ 7 ਗੋਲੀਆਂ ਲੱਗੀਆਂ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਐਮੀ ਵਿਰਕ ਕਾਰ ਦੇ ਅੰਦਰ ਹੀ ਮੌਜੂਦ ਸਨ। ਹਾਲਾਂਕਿ ਗੱਡੀ ਬੁਲੇਟਪਰੂਫ ਹੋਣ ਕਾਰਨ ਕਾਰ ਵਿੱਚ ਸਵਾਰ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਿਆ। ਫਾਇਰਿੰਗ ਦੌਰਾਨ ਗੱਡੀ ਦੇ ਸਿਰਫ਼ ਸ਼ੀਸ਼ੇ ਟੁੱਟਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਕੈਨੇਡਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਐਬਟਸਫੋਰਡ ਪੁਲਸ ਨੇ ਮੈਕਕੈਲਮ ਰੋਡ ਦੇ 2500-ਬਲਾਕ ਵਿੱਚ ਹੋਈ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫਾਇਰਿੰਗ ਦੇ ਪਿੱਛੇ ਕਾਰਨ ਅਤੇ ਹਮਲਾਵਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।







