ਪੁਲੀਸ ਕੰਟਰੋਲ ਰੂਮ (PCR) ਵਿੱਚ ਤਾਇਨਾਤ ਪੰਜਾਬ ਪੁਲੀਸ ਦੇ ਇੱਕ ਏਐੱਸਆਈ ਦੀ ਐਤਵਾਰ ਨੂੰ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ। ਘਟਨਾ ਕਸ਼ਮੀਰ ਐਵੇਨਿਊ ਇਲਾਕੇ ਵਿੱਚ ਵਾਪਰੀ। ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਉਸ ਵੱਲੋਂ ਖ਼ੁਦ ਚਲਾਈ ਗਈ ਜਾਂ ਅਚਾਨਕ ਚੱਲ ਗਈ।
ਮ੍ਰਿਤਕ ਦੀ ਪਛਾਣ ਮਜੀਠਾ ਰੋਡ ਇਲਾਕੇ ਦੇ ਰਹਿਣ ਵਾਲੇ ਏਐੱਸਆਈ ਸੁਰਿੰਦਰ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਉਹ ਪਿਛਲੇ ਕੁਝ ਦਿਨਾਂ ਤੋਂ ਕਥਿਤ ਤੌਰ ‘ਤੇ ਮਾਨਸਿਕ ਤਣਾਅ ਵਿੱਚ ਸੀ। ਐਤਵਾਰ ਸ਼ਾਮ ਡਿਊਟੀ ਦੌਰਾਨ ਅਚਾਨਕ ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਸਾਥੀ ਪੁਲੀਸ ਮੁਲਾਜ਼ਮ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ। ਹਾਲਾਂਕਿ, ਡਾਕਟਰਾਂ ਨੇ ਜਾਂਚ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਜੀਠਾ ਰੋਡ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਤਾਬਕ ਪੋਸਟਮਾਰਟਮ ਸੋਮਵਾਰ ਸਵੇਰੇ ਕਰਵਾਇਆ ਜਾਵੇਗਾ। ਗੋਲੀ ਚੱਲਣ ਦੇ ਅਸਲ ਕਾਰਨਾਂ ਅਤੇ ਘਟਨਾ ਦੇ ਪੂਰੇ ਹਾਲਾਤ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।







