High Court ਦੇ ਚੀਫ਼ ਜਸਟਿਸ ਦੀ ਨਿਯੁਕਤੀ ‘ਤੇ Bhagwant Mann ਦਾ ਵੱਡਾ ਬਿਆਨ, ਕਿਹਾ- ਦੱਬੀ ਜਾ ਰਹੀ ਹੈ ਪੰਜਾਬ ਦੀ ਆਵਾਜ਼

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਨਿਯੁਕਤੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਰਵੱਈਏ ‘ਤੇ ਸਵਾਲ ਖੜ੍ਹੇ ਕੀਤੇ ਹਨ। ਘੁੱਦਾ ਪਿੰਡ ਵਿੱਚ ਆਪਣੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਪੰਜਾਬ ਦੀ ਰਾਏ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਚੀਫ਼ ਜਸਟਿਸ ਦੀ ਨਿਯੁਕਤੀ ਸਬੰਧੀ ਸੂਬਾ ਸਰਕਾਰ ਤੋਂ ਸਹਿਮਤੀ ਮੰਗੀ ਗਈ ਸੀ, ਪਰ ਪੰਜਾਬ ਵੱਲੋਂ ਸਹਿਮਤੀ ਨਾ ਦਿੱਤੇ ਜਾਣ ਦੇ ਬਾਵਜੂਦ ਨਿਯੁਕਤੀ ਕਰ ਦਿੱਤੀ ਗਈ। ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਦਾ ਹਵਾਲਾ ਦਿੰਦਿਆਂ ਮਾਨ ਨੇ ਕਿਹਾ ਕਿ ਉਹ ਪੰਜਾਬ ਨਾਲ ਸਬੰਧਤ ਜੱਜ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਜਸਟਿਸ ਸੰਧਾਵਾਲੀਆ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦਾ ਚੀਫ਼ ਜਸਟਿਸ ਬਣਾਉਣ ਬਾਰੇ ਵਿਚਾਰ ਹੋਇਆ ਸੀ, ਪਰ ਮੱਧ ਪ੍ਰਦੇਸ਼ ਸਰਕਾਰ ਦੀ ਸਹਿਮਤੀ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ।

ਪਾਣੀ ਦੀ ਸੰਭਾਲ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਨੇ ਇਸ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਕੇਂਦਰੀ ਭੂਮੀਗਤ ਜਲ ਬੋਰਡ ਦੇ 2026 ਦੇ ਮੁਲਾਂਕਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ ਅਤੇ ਕਈ ਖੇਤਰਾਂ ਵਿੱਚ ਪਾਣੀ ਦਾ ਪੱਧਰ ਪੰਜ ਮੀਟਰ ਤੱਕ ਉੱਪਰ ਆਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਵੀ ਘਟਾਈ ਗਈ ਹੈ।

ਇਸ ਦੌਰਾਨ ਮਾਨ ਨੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਫੋਨ ਕਰਕੇ ਸੂਬੇ ਦੀਆਂ ਨਹਿਰਾਂ ਵਿੱਚ ਪਾਣੀ ਦੇ ਵਹਾਅ ਬਾਰੇ ਜਾਣਕਾਰੀ ਲਈ। ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਪੰਜਾਬ ਦੀਆਂ ਨਹਿਰਾਂ ਵਿੱਚ ਕਰੀਬ 40,000 ਕਿਊਸਿਕ ਪਾਣੀ ਲਗਾਤਾਰ ਵਹਿ ਰਿਹਾ ਹੈ। ਮੁੱਖ ਮੰਤਰੀ ਨੇ ਫੋਨ ਨੂੰ ਸਪੀਕਰ ‘ਤੇ ਕਰਕੇ ਮੌਜੂਦ ਲੋਕਾਂ ਨੂੰ ਵੀ ਇਹ ਜਾਣਕਾਰੀ ਸੁਣਾਈ ਅਤੇ ਦਾਅਵਾ ਕੀਤਾ ਕਿ ਇਸ ਪੱਧਰ ਦਾ ਪਾਣੀ ਦਾ ਵਹਾਅ ਪਹਿਲੀ ਵਾਰ ਦਰਜ ਕੀਤਾ ਗਿਆ ਹੈ।

ਘੁੱਦਾ ਨੂੰ ਬਾਦਲ ਪਰਿਵਾਰ ਦਾ ਜੱਦੀ ਪਿੰਡ ਦੱਸਦਿਆਂ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਕੀ ਪ੍ਰਕਾਸ਼ ਸਿੰਘ ਬਾਦਲ ਕਦੇ ਪਿੰਡ ਦੀ ‘ਸੱਥ’ ਵਿੱਚ ਆਏ ਸਨ।

ਮੁੱਖ ਮੰਤਰੀ ਨੇ ਇਸ ਮੌਕੇ ਕਾਂਗਰਸ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਆਗੂ ਆਪਸੀ ਖਿੱਚੋਤਾਣ ਅਤੇ ਅੰਦਰੂਨੀ ਵਿਵਾਦਾਂ ਵਿੱਚ ਹੀ ਉਲਝੇ ਹੋਏ ਹਨ।

ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਉਹ ਪ੍ਰੋਗਰਾਮ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਜਾਣਗੇ, ਜਿੱਥੇ ਉਹ ਗੁਰੂਗ੍ਰਾਮ ਦੀ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਉਸੇ ਦਿਨ ਬਠਿੰਡਾ ਵਾਪਸ ਆ ਜਾਣਗੇ। ਸੋਮਵਾਰ ਨੂੰ ਉਹ ਬਠਿੰਡਾ ਦੇ ਮਹਿਰਾਜ ਪਿੰਡ ਅਤੇ ਮੰਗਲਵਾਰ ਨੂੰ ਮਾਨਸਾ ਜ਼ਿਲ੍ਹੇ ਵਿੱਚ ਹੋਣ ਵਾਲੇ ‘ਲੋਕ ਮਿਲਣੀ’ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ।