Canada UPI Transfer: ਭਾਰਤੀਆਂ ਲਈ ਵੱਡੀ ਖੁਸ਼ਖਬਰੀ, ਹੁਣ ਤੇਜ਼ ਤੇ ਸਸਤਾ ਹੋਵੇਗਾ ਪੈਸਿਆਂ ਦਾ ਲੈਣ-ਦੇਣ

UPI Money Transfer: ਕੈਨੇਡਾ ਰਹਿੰਦੇ ਭਾਰਤੀਆਂ ਲਈ ਰਾਹਤ ਦੇ ਆਸਾਰ, UPI ਰਾਹੀਂ ਪੈਸੇ ਭੇਜਣ ਦੀ ਤਿਆਰੀ

ਨਵੀਂ ਦਿੱਲੀ: ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀਆਂ, ਖ਼ਾਸ ਕਰਕੇ ਪੰਜਾਬੀ ਭਾਈਚਾਰੇ ਲਈ ਭਾਰਤ-ਕੈਨੇਡਾ ਸਬੰਧਾਂ ਨਾਲ ਜੁੜੀ ਇੱਕ ਅਹਿਮ ਪਹਿਲ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੋਵੇਂ ਦੇਸ਼ ਸਰਹੱਦ ਪਾਰ ਪੈਸੇ ਭੇਜਣ ਲਈ ਯੂਪੀਆਈ (UPI) ਦੀ ਵਰਤੋਂ ਦੀਆਂ ਸੰਭਾਵਨਾਵਾਂ ’ਤੇ ਚਰਚਾ ਕਰ ਰਹੇ ਹਨ। ਇਸ ਤੋਂ ਇਲਾਵਾ ਕੈਨੇਡਾ ਵਿੱਚ ਦੁਕਾਨਦਾਰਾਂ ਨੂੰ ਸਿੱਧੇ ਯੂਪੀਆਈ ਰਾਹੀਂ ਭੁਗਤਾਨ ਕਰਨ ਦੀ ਸਹੂਲਤ ਦੇਣ ਬਾਰੇ ਵੀ ਵਿਚਾਰ ਹੋ ਰਿਹਾ ਹੈ।

ਹਾਲਾਂਕਿ ਇਹ ਵਿਵਸਥਾ ਹਾਲੇ ਲਾਗੂ ਨਹੀਂ ਹੋਈ। ਇਸ ਨੂੰ ਅਮਲ ਵਿੱਚ ਲਿਆਉਣ ਲਈ ਦੋਵਾਂ ਦੇਸ਼ਾਂ ਨੂੰ ਤਕਨੀਕੀ ਢਾਂਚੇ, ਨਿਯਮਾਂ, ਸੁਰੱਖਿਆ ਪ੍ਰਬੰਧਾਂ ਅਤੇ ਵਿਦੇਸ਼ੀ ਮੁਦਰਾ ਨਾਲ ਸਬੰਧਤ ਕਈ ਪਹਿਲੂਆਂ ’ਤੇ ਕੰਮ ਕਰਨਾ ਪਵੇਗਾ।

ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀ ਮੌਜੂਦਗੀ ਕਾਫ਼ੀ ਵੱਡੀ ਹੈ। 2025 ਦੇ ਅੰਤ ਤੱਕ ਉੱਥੇ ਲਗਪਗ 6.91 ਲੱਖ ਸਟਡੀ ਪਰਮਿਟ ਧਾਰਕ ਸਨ ਅਤੇ ਭਾਰਤ ਵਿਦੇਸ਼ੀ ਵਿਦਿਆਰਥੀਆਂ ਲਈ ਪ੍ਰਮੁੱਖ ਸਰੋਤ ਦੇਸ਼ਾਂ ਵਿੱਚ ਸ਼ਾਮਲ ਰਿਹਾ। 2024 ਵਿੱਚ ਕੈਨੇਡਾ ਵਿੱਚ 5,10,235 ਭਾਰਤੀ ਨਾਗਰਿਕ ਸਟਡੀ ਪਰਮਿਟ ਧਾਰਕ ਸਨ। ਕੈਨੇਡਾ ਦੀ 2025 ਦੀ ਇਮੀਗ੍ਰੇਸ਼ਨ ਰਿਪੋਰਟ ਮੁਤਾਬਕ ਭਾਰਤ ਤੋਂ 1,25,530 ਲੋਕਾਂ ਨੂੰ ਸਥਾਈ ਨਿਵਾਸ ਮਿਲਿਆ। ਇਨ੍ਹਾਂ ਵਿੱਚ 94,105 ਲੋਕ ਆਰਥਿਕ ਸ਼੍ਰੇਣੀ ਅਤੇ 31,425 ਲੋਕ ਪਰਿਵਾਰਕ ਪੁਨਰਮਿਲਾਪ ਸ਼੍ਰੇਣੀ ਨਾਲ ਸਬੰਧਤ ਸਨ।

ਭਾਰਤ ਅਤੇ ਕੈਨੇਡਾ ਵਿਚਕਾਰ ਸਿੱਖਿਆ, ਕਾਰੋਬਾਰ, ਨਿਵੇਸ਼ ਅਤੇ ਰਿਮਿਟੈਂਸ ਰਾਹੀਂ ਆਰਥਿਕ ਸਬੰਧ ਵੀ ਲਗਾਤਾਰ ਵਧ ਰਹੇ ਹਨ। ਦੋਵਾਂ ਦੇਸ਼ਾਂ ਵਿਚਕਾਰ ਹੋਈ ਪਹਿਲੀ ਆਰਥਿਕ ਅਤੇ ਵਿੱਤੀ ਗੱਲਬਾਤ ਦੌਰਾਨ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਵਿੱਤੀ ਸਹਿਯੋਗ ਵਧਾਉਣ ਦੇ ਮੁੱਦਿਆਂ ’ਤੇ ਵਿਚਾਰ ਕੀਤਾ। ਇਸ ਦੌਰਾਨ ਸਰਹੱਦ ਪਾਰ ਪੈਸੇ ਭੇਜਣ ਅਤੇ ਕੈਨੇਡਾ ਵਿੱਚ ਦੁਕਾਨਦਾਰਾਂ ਨੂੰ ਸਿੱਧੇ ਭੁਗਤਾਨ ਦੀਆਂ ਸੰਭਾਵਨਾਵਾਂ ’ਤੇ ਵੀ ਜ਼ੋਰ ਦਿੱਤਾ ਗਿਆ। ਭਾਈਵਾਲ ਭੁਗਤਾਨ ਸੇਵਾ ਪ੍ਰਦਾਤਾਵਾਂ ਰਾਹੀਂ ਕੈਨੇਡਾ ਵਿੱਚ UPI ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਚਰਚਾ ਹੋਈ।

ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦੀ ਕਾਰੋਬਾਰੀ ਪਕੜ ਵੀ ਮਜ਼ਬੂਤ ਹੈ। ਪੰਜਾਬੀ ਕਾਮਰਸ ਚੈਂਬਰ ਦੇ ਨੈੱਟਵਰਕ ਨਾਲ 2,500 ਤੋਂ ਵੱਧ ਮੈਂਬਰ ਅਤੇ 200 ਤੋਂ ਵੱਧ ਕਾਰੋਬਾਰ ਜੁੜੇ ਹੋਏ ਦੱਸੇ ਜਾਂਦੇ ਹਨ। ਹਾਲਾਂਕਿ ਕੈਨੇਡਾ ਸਰਕਾਰ ਵੱਲੋਂ ਪੰਜਾਬੀ ਕਾਰੋਬਾਰੀਆਂ ਦੀ ਵੱਖਰੀ ਅਧਿਕਾਰਤ ਗਿਣਤੀ ਜਾਰੀ ਨਹੀਂ ਕੀਤੀ ਜਾਂਦੀ।

ਜੇਕਰ ਭਾਰਤ-ਕੈਨੇਡਾ ਵਿਚਕਾਰ UPI ਆਧਾਰਿਤ ਸਰਹੱਦ ਪਾਰ ਭੁਗਤਾਨ ਪ੍ਰਣਾਲੀ ਸ਼ੁਰੂ ਹੁੰਦੀ ਹੈ ਤਾਂ ਇਸ ਦਾ ਸਿੱਧਾ ਲਾਭ ਭਾਰਤੀ ਪਰਿਵਾਰਾਂ ਅਤੇ ਕਾਰੋਬਾਰੀਆਂ ਨੂੰ ਮਿਲ ਸਕਦਾ ਹੈ। ਕੈਨੇਡਾ ਵਿੱਚ ਰਹਿੰਦੇ ਭਾਰਤੀ ਆਪਣੇ ਪਰਿਵਾਰਾਂ ਨੂੰ ਭਾਰਤ ਵਿੱਚ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਹੋਰ ਆਸਾਨ ਅਤੇ ਤੇਜ਼ ਤਰੀਕੇ ਨਾਲ ਪੂਰਾ ਕਰ ਸਕਣਗੇ। ਮੌਜੂਦਾ ਮਨੀ ਟ੍ਰਾਂਸਫਰ ਅਤੇ ਬੈਂਕਿੰਗ ਸੇਵਾਵਾਂ ਨਾਲ ਜੁੜੀਆਂ ਫੀਸਾਂ ਦੇ ਮੁਕਾਬਲੇ UPI ਆਧਾਰਿਤ ਪ੍ਰਣਾਲੀ ਲੈਣ-ਦੇਣ ਨੂੰ ਘੱਟ ਖਰਚ ਵਾਲਾ ਅਤੇ ਵਧੇਰੇ ਪਾਰਦਰਸ਼ੀ ਬਣਾ ਸਕਦੀ ਹੈ।

ਖ਼ਾਸ ਕਰਕੇ ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਾਂ ਲਈ ਇਹ ਸਹੂਲਤ ਲਾਹੇਵੰਦ ਹੋ ਸਕਦੀ ਹੈ। ਫੀਸ, ਕਿਰਾਏ ਜਾਂ ਕਿਸੇ ਐਮਰਜੈਂਸੀ ਲਈ ਭਾਰਤ ਤੋਂ ਪੈਸੇ ਭੇਜਣ ਦੀ ਪ੍ਰਕਿਰਿਆ ਤੇਜ਼ ਹੋਣ ਦੀ ਉਮੀਦ ਹੈ।

UPI ਦਾ ਦਾਇਰਾ ਸਿਰਫ਼ ਪੈਸੇ ਭੇਜਣ ਤੱਕ ਸੀਮਿਤ ਨਹੀਂ ਰਹੇਗਾ। ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀ, ਸੈਲਾਨੀ ਅਤੇ ਕਾਰੋਬਾਰੀ ਵੀ ਆਪਣੇ ਭਾਰਤੀ ਬੈਂਕ ਖਾਤਿਆਂ ਰਾਹੀਂ ਭੁਗਤਾਨ ਕਰਨ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਪੰਜਾਬੀ ਕਾਰੋਬਾਰੀਆਂ ਨੂੰ ਵੀ ਲਾਭ ਹੋ ਸਕਦਾ ਹੈ ਅਤੇ ਭਾਰਤ ਨਾਲ ਜੁੜੇ ਸਮਾਨ, ਸੇਵਾਵਾਂ ਅਤੇ ਹੋਰ ਕਾਰੋਬਾਰੀ ਲੈਣ-ਦੇਣ ਆਸਾਨ ਹੋ ਸਕਦੇ ਹਨ।

ਸੀਏ ਦਿਨੇਸ਼ ਸਰਨਾ ਦੇ ਅਨੁਸਾਰ, UPI ਆਧਾਰਿਤ ਭੁਗਤਾਨ ਪ੍ਰਣਾਲੀ ਸ਼ੁਰੂ ਹੋਣ ਨਾਲ ਪੰਜਾਬੀ ਭਾਈਚਾਰੇ ਦੇ ਪਰਿਵਾਰਾਂ ਅਤੇ ਕਾਰੋਬਾਰਾਂ ਦੋਵਾਂ ਨੂੰ ਫਾਇਦਾ ਮਿਲ ਸਕਦਾ ਹੈ। ਉਨ੍ਹਾਂ ਮੁਤਾਬਕ ਇਹ ਭਾਰਤ ਦੀ ਡਿਜੀਟਲ ਭੁਗਤਾਨ ਪ੍ਰਣਾਲੀ ਦੇ ਅੰਤਰਰਾਸ਼ਟਰੀ ਵਿਸਥਾਰ ਵੱਲ ਵੀ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦਾ ਹੈ।