Gen Z ’ਚ Networking ਨੂੰ ਲੈ ਕੇ ਝਿਜਕ, 83% ਨੌਜਵਾਨ ਲੋਕਾਂ ਨਾਲ ਸੰਪਰਕ ਬਣਾਉਣ ਤੋਂ ਹਿਚਕਦੇ

Gen Z ’ਚ Networking ਨੂੰ ਲੈ ਕੇ ਝਿਜਕ, 83% ਨੌਜਵਾਨ ਕਰੀਅਰ ਲਈ ਸੰਪਰਕ ਬਣਾਉਣ ਤੋਂ ਹਿਚਕਦੇ

ਨਵੀਂ ਦਿੱਲੀ: ਲਿੰਕਡਇਨ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਵੱਡੀ ਗਿਣਤੀ ’ਚ ‘ਜੈੱਨ-ਜ਼ੀ’ (Gen Z) ਪੇਸ਼ੇਵਰ ਨੈੱਟਵਰਕਿੰਗ ਕਰਨ ਤੋਂ ਝਿਜਕਦੇ ਹਨ। ਰਿਪੋਰਟ ਮੁਤਾਬਕ ਆਲੋਚਨਾ ਜਾਂ ਦੂਜਿਆਂ ਵੱਲੋਂ ਪਰਖੇ ਜਾਣ ਦੇ ਡਰ ਕਾਰਨ ਨੌਜਵਾਨ ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਤੋਂ ਵੀ ਗੁਰੇਜ਼ ਕਰਦੇ ਹਨ, ਜੋ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਵਧਾਉਣ ਵਿੱਚ ਮਦਦਗਾਰ ਹੋ ਸਕਦੇ ਹਨ।

ਰਿਪੋਰਟ ਅਨੁਸਾਰ ਭਾਰਤ ਦੇ 83 ਫ਼ੀਸਦੀ Gen Z ਪੇਸ਼ੇਵਰ ਕਰੀਅਰ ਵਿੱਚ ਮਦਦ ਕਰ ਸਕਣ ਵਾਲੇ ਲੋਕਾਂ ਨਾਲ ਸੰਪਰਕ ਬਣਾਉਣ ਜਾਂ ਨੈੱਟਵਰਕਿੰਗ ਸ਼ੁਰੂ ਕਰਨ ਵਿੱਚ ਝਿਜਕ ਮਹਿਸੂਸ ਕਰਦੇ ਹਨ। ਇਸ ਦੇ ਪਿੱਛੇ ਮੁੱਖ ਕਾਰਨਾਂ ਵਿੱਚ 44 ਫ਼ੀਸਦੀ ਵੱਲੋਂ ਆਲੋਚਨਾ ਦਾ ਡਰ, 39 ਫ਼ੀਸਦੀ ਵੱਲੋਂ ਦੂਜਿਆਂ ਨੂੰ ਪਰੇਸ਼ਾਨ ਕਰਨ ਦੀ ਚਿੰਤਾ ਅਤੇ 37 ਫ਼ੀਸਦੀ ਵੱਲੋਂ ਬਣਾਉਟੀ ਲੱਗਣ ਦਾ ਡਰ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ ਇਹ ਝਿਜਕ ਉਨ੍ਹਾਂ ਨੂੰ ਸਹੀ ਸਲਾਹ ਲੈਣ, ਪੇਸ਼ੇਵਰ ਸਬੰਧ ਬਣਾਉਣ ਅਤੇ ਨਵੇਂ ਮੌਕਿਆਂ ਤੱਕ ਪਹੁੰਚਣ ਤੋਂ ਰੋਕ ਰਹੀ ਹੈ।

ਲਿੰਕਡਇਨ ਦੀ ਇਹ ਰਿਪੋਰਟ ਅਮਰੀਕਾ, ਬ੍ਰਿਟੇਨ, ਭਾਰਤ, ਫ਼ਰਾਂਸ, ਜਰਮਨੀ, ਇਟਲੀ, ਨੀਦਰਲੈਂਡਜ਼, ਸਿੰਗਾਪੁਰ, ਆਸਟਰੇਲੀਆ, ਬ੍ਰਾਜ਼ੀਲ, ਯੂਏਈ ਅਤੇ ਸਾਊਦੀ ਅਰਬ ਵਿੱਚ ਕੀਤੇ ਗਏ ਸਰਵੇਖਣ ’ਤੇ ਆਧਾਰਿਤ ਹੈ। ‘ਸੈਂਸਸਵਾਈਡ’ ਵੱਲੋਂ 20 ਜੁਲਾਈ ਤੋਂ 11 ਅਗਸਤ 2026 ਦਰਮਿਆਨ 18 ਤੋਂ 80 ਸਾਲ ਦੀ ਉਮਰ ਦੇ 18,050 ਫੁੱਲ-ਟਾਈਮ ਅਤੇ ਪਾਰਟ-ਟਾਈਮ ਕਰਮਚਾਰੀਆਂ ਨੂੰ ਸਰਵੇਖਣ ਵਿੱਚ ਸ਼ਾਮਲ ਕੀਤਾ ਗਿਆ।

ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ 79 ਫ਼ੀਸਦੀ ਭਾਰਤੀ Gen Z ਪੇਸ਼ੇਵਰ ਪੇਸ਼ੇਵਰ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਦੇ ਹਨ। ਇਸ ਦੇ ਬਾਵਜੂਦ 52 ਫ਼ੀਸਦੀ ਤੋਂ ਵੱਧ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਕਿਸੇ ਨਾਲ ਪੇਸ਼ੇਵਰ ਸੰਪਰਕ ਦੀ ਸ਼ੁਰੂਆਤ ਕਿਵੇਂ ਕੀਤੀ ਜਾਵੇ। ਉੱਥੇ ਹੀ 53 ਫ਼ੀਸਦੀ ਲਈ ਬਣਾਏ ਗਏ ਸੰਪਰਕਾਂ ਨੂੰ ਮਜ਼ਬੂਤ ਅਤੇ ਅਸਲ ਪੇਸ਼ੇਵਰ ਰਿਸ਼ਤਿਆਂ ਵਿੱਚ ਬਦਲਣਾ ਮੁਸ਼ਕਲ ਹੈ।

ਨੌਕਰੀ ਹਾਸਲ ਕਰਨ ਵਿੱਚ ਨੈੱਟਵਰਕਿੰਗ ਦੀ ਅਹਿਮੀਅਤ ਵੀ ਰਿਪੋਰਟ ਨੇ ਉਜਾਗਰ ਕੀਤੀ ਹੈ। ਇਸ ਮੁਤਾਬਕ ਅੰਦਰੂਨੀ ਪੇਸ਼ੇਵਰ ਸੰਪਰਕ ਰੱਖਣ ਵਾਲੇ ਭਾਰਤੀ ਨੌਕਰੀ ਲੱਭਣ ਵਾਲਿਆਂ ਦੀ ਨੌਕਰੀ ’ਤੇ ਰੱਖੇ ਜਾਣ ਦੀ ਸੰਭਾਵਨਾ ਉਨ੍ਹਾਂ ਲੋਕਾਂ ਨਾਲੋਂ ਲਗਪਗ 8.5 ਗੁਣਾ ਵੱਧ ਰਹੀ, ਜਿਨ੍ਹਾਂ ਕੋਲ ਅਜਿਹਾ ਕੋਈ ਸੰਪਰਕ ਨਹੀਂ ਸੀ।

ਰਿਪੋਰਟ ਅਨੁਸਾਰ Gen Z ਲਈ ਸਭ ਤੋਂ ਵੱਡੀ ਚੁਣੌਤੀ ਇਹ ਵੀ ਹੈ ਕਿ ਕਿਸ ਵਿਅਕਤੀ ਨਾਲ ਸੰਪਰਕ ਕਰਨਾ ਹੈ, ਕਦੋਂ ਗੱਲਬਾਤ ਸ਼ੁਰੂ ਕਰਨੀ ਹੈ ਅਤੇ ਕੀ ਕਹਿਣਾ ਹੈ। ਲਗਪਗ 59 ਫ਼ੀਸਦੀ Gen Z ਪੇਸ਼ੇਵਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਵੀ ਪੇਸ਼ੇਵਰ ਰਿਸ਼ਤੇ ਬਣਾਉਣ ਦਾ ਸਪੱਸ਼ਟ ਤਰੀਕਾ ਨਹੀਂ ਸਿਖਾਇਆ। ਬਹੁਤ ਸਾਰੇ ਨੌਜਵਾਨਾਂ ਨੇ ਇਸ ਖੇਤਰ ਵਿੱਚ ਕਿਸੇ ਰਸਮੀ ਸਿਖਲਾਈ ਦੀ ਬਜਾਏ ਆਪਣੇ ਤਜਰਬੇ ਤੋਂ ਹੀ ਸਿੱਖਿਆ ਹੈ।

ਰਿਪੋਰਟ ਦਾ ਮੰਨਣਾ ਹੈ ਕਿ ਡਿਜੀਟਲ ਦੁਨੀਆ ਨਾਲ ਲੰਮੇ ਸਮੇਂ ਤੋਂ ਜੁੜੇ ਹੋਣ ਦੇ ਬਾਵਜੂਦ Gen Z ਲਈ ਆਹਮੋ-ਸਾਹਮਣੇ ਜਾਂ ਪੇਸ਼ੇਵਰ ਨੈੱਟਵਰਕਿੰਗ ਇੱਕ ਵੱਖਰੀ ਚੁਣੌਤੀ ਬਣੀ ਹੋਈ ਹੈ।