ਗੁਰਪਤਵੰਤ ਪੰਨੂ ਦੀ ਸੁਰੱਖਿਆ ’ਤੇ ਵਧੀ ਚਿੰਤਾ, ਅਮਰੀਕੀ ਤੇ ਕੈਨੇਡੀਅਨ ਏਜੰਸੀਆਂ ਹੋਈਆਂ ਸਰਗਰਮ

ਪ੍ਰਮੁੱਖ ਸਿੱਖ ਵੱਖਵਾਦੀ ਅਤੇ ‘ਸਿੱਖਸ ਫਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਜਾਂਚ ਏਜੰਸੀ ਐਫਬੀਆਈ (FBI) ਅਤੇ ਕੈਨੇਡਾ ਦੀ ਰੋਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਨੇ ਉਸ ਨੂੰ ਸੰਭਾਵਿਤ ਸੁਰੱਖਿਆ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਹੈ। ਇਹ ਜਾਣਕਾਰੀ ਉਸ ਵੇਲੇ ਸਾਹਮਣੇ ਆਈ ਹੈ ਜਦੋਂ 2023 ਵਿੱਚ ਪੰਨੂ ਦੀ ਕਥਿਤ ਹੱਤਿਆ ਦੀ ਸਾਜ਼ਿਸ਼ ਨਾਲ ਜੁੜੇ ਮਾਮਲੇ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਇਸ ਸਾਲ ਸਜ਼ਾ ਸੁਣਾਏ ਜਾਣ ਦੀ ਉਡੀਕ ਹੈ।

ਪੰਨੂ ਮੁਤਾਬਕ, ਪਿਛਲੇ ਹਫ਼ਤੇ ਐਫਬੀਆਈ ਦੇ ਅਧਿਕਾਰੀਆਂ ਨੇ ਉਸ ਨਾਲ ਮੁਲਾਕਾਤ ਕਰਕੇ ਸਲਾਹ ਦਿੱਤੀ ਕਿ ਜਦੋਂ ਤੱਕ ਸੰਭਾਵਿਤ ਖ਼ਤਰਾ ਮੌਜੂਦ ਹੈ, ਉਹ ਗੈਰ-ਜ਼ਰੂਰੀ ਯਾਤਰਾਵਾਂ ਤੋਂ ਬਚੇ। ਜੇਕਰ ਯਾਤਰਾ ਕਰਨੀ ਲਾਜ਼ਮੀ ਹੋਵੇ ਤਾਂ ਉਸ ਦੀ ਜਾਣਕਾਰੀ ਪਹਿਲਾਂ ਹੀ ਸੁਰੱਖਿਆ ਏਜੰਸੀਆਂ ਨੂੰ ਦਿੱਤੀ ਜਾਵੇ। ਇਸ ਤੋਂ ਇਲਾਵਾ, ਆਰਸੀਐਮਪੀ ਨੇ ਵੀ ਉਸ ਨਾਲ ਸੰਪਰਕ ਕਰਕੇ ਸੁਰੱਖਿਆ ਸਬੰਧੀ ਚੌਕਸੀ ਵਰਤਣ ਲਈ ਕਿਹਾ। ਹਾਲਾਂਕਿ ਦੋਵਾਂ ਏਜੰਸੀਆਂ ਵੱਲੋਂ ਕਿਸੇ ਖ਼ਾਸ ਸਾਜ਼ਿਸ਼ ਜਾਂ ਖ਼ਤਰੇ ਦੇ ਵੇਰਵੇ ਜਨਤਕ ਨਹੀਂ ਕੀਤੇ ਗਏ।

ਪੰਨੂ ਨੇ ਦੱਸਿਆ ਕਿ ਉਸ ਨੂੰ ਅਮਰੀਕਾ ਦੇ “ਡਿਊਟੀ ਟੂ ਵਾਰਨ” ਕਾਨੂੰਨ ਅਧੀਨ ਇਹ ਚੇਤਾਵਨੀ ਦਿੱਤੀ ਗਈ ਹੈ। ਇਸ ਕਾਨੂੰਨ ਤਹਿਤ ਜੇਕਰ ਕਿਸੇ ਵਿਅਕਤੀ ਦੀ ਜਾਨ, ਅਗਵਾ ਜਾਂ ਗੰਭੀਰ ਨੁਕਸਾਨ ਬਾਰੇ ਭਰੋਸੇਯੋਗ ਜਾਣਕਾਰੀ ਮਿਲੇ ਤਾਂ ਸਬੰਧਤ ਵਿਅਕਤੀ ਨੂੰ ਅਗਾਹ ਕਰਨਾ ਲਾਜ਼ਮੀ ਹੁੰਦਾ ਹੈ।

ਇਹ ਮਾਮਲਾ ਉਸ ਸਮੇਂ ਹੋਰ ਚਰਚਾ ਵਿੱਚ ਆਇਆ ਜਦੋਂ ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ ਵਿੱਚ ਆਪਣੇ ਖ਼ਿਲਾਫ਼ ਲਗੇ ਸੰਘੀ ਸਾਜ਼ਿਸ਼ ਦੇ ਦੋਸ਼ਾਂ ਨੂੰ ਕਬੂਲ ਕੀਤਾ। ਉਸ ਨੂੰ 20 ਨਵੰਬਰ ਨੂੰ ਨਿਊਯਾਰਕ ਦੀ ਸੰਘੀ ਅਦਾਲਤ ਵਿੱਚ ਸਜ਼ਾ ਸੁਣਾਈ ਜਾਣੀ ਹੈ। ਅਮਰੀਕੀ ਜਾਂਚ ਏਜੰਸੀਆਂ ਦਾ ਦੋਸ਼ ਹੈ ਕਿ ਪੰਨੂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਯੋਜਨਾ ਵਿੱਚ ਗੁਪਤਾ ਦੀ ਭੂਮਿਕਾ ਸੀ।

ਪੰਨੂ, ਜੋ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਰੱਖਦਾ ਹੈ, ਨੇ ਕਿਹਾ ਕਿ ਧਮਕੀਆਂ ਦੇ ਬਾਵਜੂਦ ਉਹ ਆਪਣੇ ਵਿਚਾਰਾਂ ਅਤੇ ਮੁਹਿੰਮ ਤੋਂ ਪਿੱਛੇ ਨਹੀਂ ਹਟੇਗਾ। ਉਸ ਨੇ ਕਿਹਾ ਕਿ ਉਹ ਡਰ ਜਾਂ ਦਬਾਅ ਹੇਠ ਆ ਕੇ ਆਪਣੀ ਸਰਗਰਮੀ ਬੰਦ ਕਰਨ ਵਾਲਾ ਨਹੀਂ ਹੈ।

ਉਸ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੀਆਂ ਸੁਰੱਖਿਆ ਚੇਤਾਵਨੀਆਂ ਪਹਿਲਾਂ ਖਾਲਿਸਤਾਨ ਹਮਾਇਤੀ ਆਗੂ ਹਰਦੀਪ ਸਿੰਘ ਨਿੱਝਰ ਨੂੰ ਵੀ ਦਿੱਤੀਆਂ ਗਈਆਂ ਸਨ। ਪੰਨੂ ਦੇ ਅਨੁਸਾਰ, ਲਗਾਤਾਰ ਮਿਲ ਰਹੀਆਂ ਚੇਤਾਵਨੀਆਂ ਉਸ ਲਈ ਇਹ ਸੰਕੇਤ ਹਨ ਕਿ ਉਸ ਦੀ ਮੁਹਿੰਮ ਅਸਰਦਾਰ ਢੰਗ ਨਾਲ ਅੱਗੇ ਵੱਧ ਰਹੀ ਹੈ ਅਤੇ ਉਹ ਆਪਣੀਆਂ ਗਤੀਵਿਧੀਆਂ ਜਾਰੀ ਰੱਖੇਗਾ।