ਪੰਜਾਬ ਵਿੱਚ ਮੀਂਹ ਪੈਣ ਦੇ ਬਾਵਜੂਦ ਹੁੰਮਸ ਭਰੀ ਗਰਮੀ ਨੇ ਬਿਜਲੀ ਦੀ ਖਪਤ ਵਿੱਚ ਵੱਡਾ ਵਾਧਾ ਕਰ ਦਿੱਤਾ ਹੈ। ਸੂਬੇ ਵਿੱਚ ਬਿਜਲੀ ਦੀ ਮੰਗ 15,515 ਮੈਗਾਵਾਟ ਤੋਂ ਪਾਰ ਪਹੁੰਚ ਗਈ, ਜਿਸ ਨੂੰ ਪੂਰਾ ਕਰਨ ਲਈ ਪਾਵਰਕੌਮ ਨੂੰ ਕੇਂਦਰੀ ਪੂਲ ਤੋਂ 10,896 ਮੈਗਾਵਾਟ ਬਿਜਲੀ ਪ੍ਰਾਪਤ ਕਰਨੀ ਪਈ। ਇਸ ਦੇ ਨਾਲ ਹੀ ਨਿੱਜੀ ਖੇਤਰ ਦੇ ਤਾਪ ਬਿਜਲੀ ਘਰਾਂ ਦੀ ਸਹਾਇਤਾ ਵੀ ਲੈਣੀ ਪਈ।
ਸੂਬੇ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਨਿਕਲੀ ਧੁੱਪ ਕਾਰਨ ਹੁੰਮਸ ਵਿੱਚ ਕਾਫ਼ੀ ਵਾਧਾ ਹੋਇਆ, ਜਿਸ ਨਾਲ ਏਅਰ ਕੰਡੀਸ਼ਨਰਾਂ ਅਤੇ ਹੋਰ ਬਿਜਲੀ ਉਪਕਰਨਾਂ ਦੀ ਵਰਤੋਂ ਵਧ ਗਈ। ਇਸ ਕਾਰਨ ਬਿਜਲੀ ਦੀ ਮੰਗ ਅਚਾਨਕ ਉੱਚ ਪੱਧਰ ‘ਤੇ ਪਹੁੰਚ ਗਈ।
ਇਸ ਦੌਰਾਨ ਸਰਕਾਰੀ ਤਾਪ ਬਿਜਲੀ ਘਰਾਂ ਦੀ ਘੱਟ ਉਤਪਾਦਨ ਸਮਰੱਥਾ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 940 ਮੈਗਾਵਾਟ ਸਮਰੱਥਾ ਵਾਲੇ ਚਾਰ ਯੂਨਿਟਾਂ ਵਿੱਚੋਂ ਤਿੰਨ ਬੰਦ ਹਨ, ਜਦਕਿ ਠੇਕਾ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਕਾਰਨ ਵੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਇਸੇ ਤਰ੍ਹਾਂ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਦੇ ਚਾਰ ਵਿੱਚੋਂ ਤਿੰਨ ਯੂਨਿਟ ਤਕਨੀਕੀ ਖਰਾਬੀਆਂ ਕਾਰਨ ਬੰਦ ਪਏ ਹਨ।
ਮੌਜੂਦਾ ਸਮੇਂ ਵਿੱਚ ਗੁਰੂ ਅਮਰਦਾਸ ਤਾਪ ਬਿਜਲੀ ਘਰ, ਸ੍ਰੀ ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ ਹੀ ਪੂਰੀ ਤਰ੍ਹਾਂ ਕਾਰਗਰ ਹਨ। ਸਰਕਾਰੀ ਖੇਤਰ ਦੇ ਕੁੱਲ 10 ਯੂਨਿਟਾਂ ਵਿੱਚੋਂ 6 ਬੰਦ ਹੋਣ ਕਾਰਨ ਸਿਰਫ਼ ਕਰੀਬ 700 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ।
ਦੂਜੇ ਪਾਸੇ, ਨਿੱਜੀ ਖੇਤਰ ਦੇ ਰਾਜਪੁਰਾ ਅਤੇ ਤਲਵੰਡੀ ਸਾਬੋ ਤਾਪ ਬਿਜਲੀ ਘਰਾਂ ਤੋਂ ਲਗਭਗ 3,000 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ। ਪਣ ਬਿਜਲੀ ਘਰਾਂ ਤੋਂ 419 ਮੈਗਾਵਾਟ ਅਤੇ ਸੋਲਰ ਤੇ ਹੋਰ ਨਵੀਨੀਕਰਨਯੋਗ ਸਰੋਤਾਂ ਤੋਂ 107 ਮੈਗਾਵਾਟ ਬਿਜਲੀ ਮਿਲ ਰਹੀ ਹੈ। ਇਸ ਤਰ੍ਹਾਂ ਪੰਜਾਬ ਦਾ ਕੁੱਲ ਸਥਾਨਕ ਉਤਪਾਦਨ 4,252 ਮੈਗਾਵਾਟ ਦੇ ਆਸ-ਪਾਸ ਰਿਹਾ।
ਉੱਧਰ, ਆਊਟਸੋਰਸਡ ਠੇਕਾ ਮੁਲਾਜ਼ਮਾਂ ਦੀ ਹੜਤਾਲ ਵੀ ਬਿਜਲੀ ਖੇਤਰ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਮੁਲਾਜ਼ਮ ਪਾਵਰਕੌਮ ਵਿੱਚ ਮਰਜ ਕਰਨ ਅਤੇ ਸਿੱਧੀ ਠੇਕੇਦਾਰੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਪਿਛਲੇ 24 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ। ਇਸ ਹੜਤਾਲ ਦਾ ਅਸਰ ਹੁਣ ਸਰਕਾਰੀ ਤਾਪ ਬਿਜਲੀ ਘਰਾਂ ਦੀ ਉਤਪਾਦਨ ਸਮਰੱਥਾ ‘ਤੇ ਸਪੱਸ਼ਟ ਤੌਰ ‘ਤੇ ਨਜ਼ਰ ਆਉਣ ਲੱਗਾ ਹੈ।







