ਗੁਰਦੁਆਰੇ ‘ਚ ਹਮਲਾ ਕਰਨ ਵਾਲਾ ਕੌਣ? ਕੈਨੇਡਾ ਪੁਲਿਸ ਜਾਂਚ ਦੌਰਾਨ ਖੁਲ੍ਹੇ ਪੁਰਾਣੇ ਰਾਜ

ਐਡਮੰਟਨ ਵਿੱਚ ਸ਼ੁੱਕਰਵਾਰ ਸਵੇਰੇ ਨਾਨਕਸਰ ਸਿੱਖ ਗੁਰਦੁਆਰੇ ਵਿੱਚ ਵਾਪਰੀ ਚਾਕੂਬਾਜ਼ੀ ਦੀ ਘਟਨਾ ਦੌਰਾਨ ਦੋ ਸ਼ਰਧਾਲੂ ਜ਼ਖ਼ਮੀ ਹੋ ਗਏ। ਐਡਮੰਟਨ ਪੁਲਿਸ ਸਰਵਿਸ (EPS) ਨੇ ਮਾਮਲੇ ਵਿੱਚ 27 ਸਾਲਾ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ, ਜਿਸ ਦਾ ਪਿਛੋਕੜ ਹਿੰਸਕ ਅਪਰਾਧਾਂ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।

ਪੁਲਿਸ ਅਨੁਸਾਰ ਸ਼ੱਕੀ ਨੂੰ ਹਾਲ ਹੀ ਵਿੱਚ ਹਮਲੇ ਅਤੇ ਇੱਕ ਸ਼ਾਂਤੀ ਅਧਿਕਾਰੀ ‘ਤੇ ਹਮਲਾ ਕਰਨ ਦੇ ਮਾਮਲਿਆਂ ਵਿੱਚ ਸਜ਼ਾ ਪੂਰੀ ਕਰਨ ਤੋਂ ਬਾਅਦ ਫੈਡਰਲ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਉਹ ਆਪਣੇ ਨਿਰਧਾਰਤ ਹਾਫ-ਵੇ ਹਾਊਸ ਵਿੱਚ ਹਾਜ਼ਰੀ ਲਗਵਾਉਣ ਵਿੱਚ ਵੀ ਨਾਕਾਮ ਰਿਹਾ ਸੀ।

ਘਟਨਾ ਤੋਂ ਪਹਿਲਾਂ ਪੁਲਿਸ ਨੂੰ ਸਵੇਰੇ ਕਰੀਬ 4:49 ਵਜੇ ਹਾਈਵੇਅ-15 ਅਤੇ ਹਾਰਸਹਿੱਲ ਰੋਡ ਨੇੜੇ ਇੱਕ ਵਿਅਕਤੀ ਦੇ ਸੜਕ ‘ਤੇ ਤੁਰਨ ਸਬੰਧੀ ਸੂਚਨਾ ਮਿਲੀ ਸੀ। ਕੁਝ ਮਿੰਟਾਂ ਬਾਅਦ, ਲਗਭਗ 5:05 ਵਜੇ, ਨਾਨਕਸਰ ਸਿੱਖ ਗੁਰਦੁਆਰੇ ਵਿੱਚ ਚਾਕੂਬਾਜ਼ੀ ਦੀਆਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ।

ਜਾਂਚ ਮੁਤਾਬਕ ਸ਼ੱਕੀ ਗੁਰਦੁਆਰੇ ਦੇ ਪ੍ਰਾਰਥਨਾ ਹਾਲ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਸਟਾਫ ਮੈਂਬਰਾਂ ਨੇ ਉਸ ਨੂੰ ਰੋਕਿਆ ਤਾਂ ਤਕਰਾਰ ਹੋ ਗਈ, ਜਿਸ ਦੌਰਾਨ ਉਸ ਨੇ ਦੋ ਪੁਰਸ਼ ਸ਼ਰਧਾਲੂਆਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਮੌਕੇ ‘ਤੇ ਮੌਜੂਦ ਲੋਕਾਂ ਨੇ ਹਿੰਮਤ ਦਿਖਾਉਂਦਿਆਂ ਸ਼ੱਕੀ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਪਹੁੰਚਣ ਤੱਕ ਉਸ ਨੂੰ ਰੋਕ ਕੇ ਰੱਖਿਆ। ਪੁਲਿਸ ਟੀਮ ਨੇ ਸਵੇਰੇ 5:10 ਵਜੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ 75 ਸਾਲਾ ਅਤੇ 51 ਸਾਲਾ ਜ਼ਖ਼ਮੀ ਵਿਅਕਤੀਆਂ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਹਸਪਤਾਲ ਭੇਜਿਆ। ਦੋਵਾਂ ਦੀਆਂ ਸੱਟਾਂ ਗੰਭੀਰ ਨਹੀਂ ਦੱਸੀਆਂ ਗਈਆਂ।

ਮਾਮਲੇ ਦੀ ਜਾਂਚ EPS ਦੀ ਇਨਵੈਸਟੀਗੇਟਿਵ ਰਿਸਪਾਂਸ ਟੀਮ ਕਰ ਰਹੀ ਹੈ। ਨਾਲ ਹੀ ਹੇਟ ਕ੍ਰਾਈਮਜ਼ ਯੂਨਿਟ ਵੀ ਇਹ ਪਤਾ ਲਗਾਉਣ ਲਈ ਜਾਂਚ ਵਿੱਚ ਸ਼ਾਮਲ ਹੈ ਕਿ ਕੀ ਇਸ ਹਮਲੇ ਦੇ ਪਿੱਛੇ ਨਫ਼ਰਤੀ ਮਕਸਦ ਸੀ। ਸ਼ੱਕੀ ਵਿਰੁੱਧ ਦੋਸ਼ ਤੈਅ ਕਰਨ ਦੀ ਕਾਰਵਾਈ ਜਾਰੀ ਹੈ।

EPS ਦੇ ਮੁੱਖ ਪੁਲਿਸ ਅਧਿਕਾਰੀ ਵਾਰਨ ਡ੍ਰੀਚੇਲ ਨੇ ਕਿਹਾ ਕਿ ਭਾਵੇਂ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਪੀੜਤਾਂ ਅਤੇ ਸਿੱਖ ਭਾਈਚਾਰੇ ਨੂੰ ਪਹੁੰਚੇ ਮਾਨਸਿਕ ਸਦਮੇ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਐਡਮੰਟਨ ਵਿੱਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ ਅਤੇ ਪੁਲਿਸ ਭਾਈਚਾਰੇ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਸ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਕਿ ਘਟਨਾ ਦੌਰਾਨ ਕਿਸੇ ਵੀ ਸਿੱਖ ਧਾਰਮਿਕ ਗ੍ਰੰਥ ਨੂੰ ਨੁਕਸਾਨ ਨਹੀਂ ਪਹੁੰਚਿਆ, ਹਾਲਾਂਕਿ ਸ਼ੁਰੂਆਤੀ ਅਟਕਲਾਂ ਵਿੱਚ ਅਜਿਹੇ ਦਾਅਵੇ ਸਾਹਮਣੇ ਆਏ ਸਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਬਹੁਤ ਹੀ ਦੁਖਦਾਈ ਘਟਨਾ ਕਰਾਰ ਦਿੱਤਾ। ਉਨ੍ਹਾਂ ਜ਼ਖ਼ਮੀਆਂ ਅਤੇ ਸਿੱਖ ਭਾਈਚਾਰੇ ਨਾਲ ਹਮਦਰਦੀ ਪ੍ਰਗਟ ਕੀਤੀ।

ਅਲਬਰਟਾ ਦੀ ਪ੍ਰੀਮੀਅਰ ਡੇਨਿਏਲ ਸਮਿਥ ਨੇ ਵੀ ਘਟਨਾ ‘ਤੇ ਦੁੱਖ ਜਤਾਉਂਦਿਆਂ ਕਿਹਾ ਕਿ ਹਰ ਨਾਗਰਿਕ ਨੂੰ ਆਪਣੇ ਧਾਰਮਿਕ ਸਥਾਨ ਅਤੇ ਭਾਈਚਾਰੇ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ। ਉਨ੍ਹਾਂ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਿਆਂ ਸਿੱਖ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟ ਕੀਤੀ।