ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਵਿਆਪਕ ਤਬਦੀਲੀਆਂ ਕਰਦਿਆਂ 12 ਆਈਪੀਐਸ ਅਤੇ 112 ਪੀਪੀਐਸ ਅਧਿਕਾਰੀਆਂ ਦੇ ਤਬਾਦਲਿਆਂ ਅਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।
ਜਾਰੀ ਆਦੇਸ਼ਾਂ ਮੁਤਾਬਕ ਆਈਪੀਐਸ ਅਧਿਕਾਰੀ ਵੀ. ਨੀਰਜਾ ਨੂੰ ਸਪੈਸ਼ਲ ਡੀਜੀਪੀ ਐਨਆਰਆਈ ਮਾਮਲੇ, ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਰਾਜੇਸ਼ ਕੁਮਾਰ ਜੈਸਵਾਲ ਨੂੰ ਏਡੀਜੀਪੀ ਸਾਈਬਰ ਕ੍ਰਾਈਮ, ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜੈਸਵਾਲ ਕੋਲ ਏਡੀਜੀਪੀ ਜੇਲ੍ਹਾਂ, ਪੰਜਾਬ ਦਾ ਵਾਧੂ ਚਾਰਜ ਵੀ ਰਹੇਗਾ।
ਨਾਨਕ ਸਿੰਘ ਨੂੰ ਡੀਆਈਜੀ ਇੰਟਰਨਲ ਵਿਜੀਲੈਂਸ ਸੈੱਲ, ਪੰਜਾਬ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਡੀਆਈਜੀ ਰੋਪੜ ਰੇਂਜ ਦਾ ਵਾਧੂ ਕੰਮਕਾਜ ਵੀ ਸੰਭਾਲਣਗੇ। ਵਤਸਲਾ ਗੁਪਤਾ ਨੂੰ ਏਆਈਜੀ ਪਰਸੋਨਲ-II, ਪੰਜਾਬ ਅਤੇ ਪ੍ਰਗਿਆ ਜੈਨ ਨੂੰ ਏਆਈਜੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਲੁਧਿਆਣਾ ਰੇਂਜ ਤਾਇਨਾਤ ਕੀਤਾ ਗਿਆ ਹੈ। ਪ੍ਰਗਿਆ ਜੈਨ ਕੋਲ ਏਆਈਜੀ ਇੰਟਰਨਲ ਸਿਕਿਓਰਿਟੀ ਦਾ ਵਾਧੂ ਚਾਰਜ ਵੀ ਰਹੇਗਾ।
ਇਸ ਤੋਂ ਇਲਾਵਾ ਅਰਵਿੰਦ ਮੀਣਾ ਨੂੰ ਡੀਸੀਪੀ ਲਾਅ ਐਂਡ ਆਰਡਰ, ਲੁਧਿਆਣਾ, ਆਕਰਸ਼ੀ ਜੈਨ ਨੂੰ ਡੀਸੀਪੀ ਹੈੱਡਕੁਆਰਟਰ ਅੰਮ੍ਰਿਤਸਰ, ਜਸਰੂਪ ਕੌਰ ਬਾਠ ਨੂੰ ਡੀਸੀਪੀ ਲਾਅ ਐਂਡ ਆਰਡਰ ਜਲੰਧਰ ਅਤੇ ਆਦਿਤਿਆ ਐੱਸ. ਵਾਰੀਅਰ ਨੂੰ ਡੀਸੀਪੀ ਸਿਟੀ ਜਲੰਧਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਸਰਕਾਰ ਨੇ 112 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕਰਦਿਆਂ ਪੁਲਿਸ ਢਾਂਚੇ ਵਿੱਚ ਵੀ ਵੱਡਾ ਫੇਰਬਦਲ ਕੀਤਾ ਹੈ। ਇਸ ਅਧੀਨ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਕਮਿਸ਼ਨਰੇਟਾਂ ਸਮੇਤ ਕਈ ਜ਼ਿਲ੍ਹਿਆਂ ਵਿੱਚ ਡੀਸੀਪੀ, ਐਸਪੀ ਅਤੇ ਹੋਰ ਅਹਿਮ ਅਹੁਦਿਆਂ ’ਤੇ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ।
ਮਹੱਤਵਪੂਰਨ ਤਬਦੀਲੀਆਂ ਵਿੱਚ 5ਵੀਂ ਆਈਆਰਬੀ ਦੇ ਕਮਾਂਡੈਂਟ ਸੂਬਾ ਸਿੰਘ ਨੂੰ ਡੀਆਈਜੀ ਜੇਲ੍ਹ ਵਿਭਾਗ ਨਿਯੁਕਤ ਕੀਤਾ ਗਿਆ ਹੈ। ਪ੍ਰਭਜੋਤ ਸਿੰਘ ਨੂੰ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ, ਰਾਵਿੰਦਰਪਾਲ ਸਿੰਘ ਨੂੰ ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਅਤੇ ਆਲਮ ਵਿਜੈ ਸਿੰਘ ਨੂੰ ਡੀਸੀਪੀ ਸਿਟੀ ਲੁਧਿਆਣਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਸਕਿਰਨਜੀਤ ਸਿੰਘ ਅਤੇ ਗੁਰਸੇਵਕ ਸਿੰਘ ਨੇ ਵੀ ਆਪੋ-ਆਪਣੀਆਂ ਤਾਇਨਾਤੀਆਂ ਦੀ ਅਦਲਾ-ਬਦਲੀ ਕੀਤੀ ਹੈ।
ਹੁਕਮਾਂ ਅਨੁਸਾਰ ਕਈ ਡੀਐਸਪੀ ਅਧਿਕਾਰੀਆਂ ਨੂੰ ਕਾਰਜਕਾਰੀ ਐਸਪੀ ਵਜੋਂ ਤਰੱਕੀ ਦੇ ਕੇ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਤਰੱਕੀ ਹਾਸਲ ਕਰਨ ਵਾਲਿਆਂ ਵਿੱਚ ਗਗਨਦੀਪ ਸਿੰਘ, ਸੰਜੀਵ ਗੋਇਲ, ਹਰਸਿਮਰਤ ਸਿੰਘ, ਰਾਵਿੰਦਰ ਸਿੰਘ, ਨਿਰਵੈਰ ਸਿੰਘ, ਦਲਬੀਰ ਸਿੰਘ, ਮੁਨੀਸ਼ ਕੁਮਾਰ, ਮਹੇਸ਼ ਕੁਮਾਰ ਅਤੇ ਰਾਕੇਸ਼ ਕੁਮਾਰ ਸਮੇਤ ਕਈ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐਸਪੀ ਆਪ੍ਰੇਸ਼ਨਜ਼ ਅਤੇ ਐਸਪੀ ਇਨਵੈਸਟੀਗੇਸ਼ਨ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਬਿਕਰਮਜੀਤ ਸਿੰਘ ਬਰਾੜ ਨੂੰ ਐਸਪੀ ਰਾਜਪੁਰਾ ਅਤੇ ਆਕਾਸ਼ਦੀਪ ਸਿੰਘ ਔਲਖ ਨੂੰ ਐਸਪੀ ਆਪ੍ਰੇਸ਼ਨਜ਼ ਐੱਸਏਐੱਸ ਨਗਰ ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ ਸਾਰੇ ਤਬਦੀਲ ਕੀਤੇ ਗਏ ਅਧਿਕਾਰੀਆਂ ਨੂੰ ਤੁਰੰਤ ਆਪਣੀ ਨਵੀਂ ਡਿਊਟੀ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ।







