ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਨਵੇਂ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਨਵੀਂ ਟੀਮ ਦੇ ਗਠਨ ਨੂੰ ਲੈ ਕੇ ਪਾਰਟੀ ਅੰਦਰ ਅਤੇ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ। ਸੋਸ਼ਲ ਮੀਡੀਆ ਅਤੇ ਪਾਰਟੀ ਨਾਲ ਜੁੜੇ ਵੱਖ-ਵੱਖ ਸਰੋਤਾਂ ਵੱਲੋਂ ਸੰਭਾਵਿਤ ਨਾਮਾਂ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ, ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।
ਪਾਰਟੀ ਦੇ ਅੰਦਰੂਨੀ ਸਰੋਤਾਂ ਮੁਤਾਬਕ ਸੀਨੀਅਰ ਆਗੂ ਸਤੀਸ਼ ਪੂਨੀਆ, ਧਰਮਿੰਦਰ ਪ੍ਰਧਾਨ, ਅਨੁਰਾਗ ਸਿੰਘ ਠਾਕੁਰ ਅਤੇ ਸਮ੍ਰਿਤੀ ਇਰਾਨੀ ਨੂੰ ਸੰਗਠਨ ਵਿੱਚ ਅਹਿਮ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਭਾਜਪਾ ਦੇ ਸਾਬਕਾ ਪ੍ਰਧਾਨ ਵੀ.ਡੀ. ਸ਼ਰਮਾ ਦੇ ਨਾਂ ’ਤੇ ਵੀ ਵਿਚਾਰ ਹੋਣ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਨੂੰ ਪਾਰਟੀ ਸੰਗਠਨ ਜਾਂ ਕੇਂਦਰੀ ਮੰਤਰੀ ਮੰਡਲ ਵਿੱਚ ਕੋਈ ਮਹੱਤਵਪੂਰਨ ਭੂਮਿਕਾ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਦੇਵ ਦਾ ਨਾਮ ਵੀ ਸੰਭਾਵਿਤ ਤੌਰ ’ਤੇ ਨਵੀਂ ਟੀਮ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਲਿਆ ਜਾ ਰਿਹਾ ਹੈ। ਪਾਰਟੀ ਅੰਦਰ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਵੀ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
ਭਾਜਪਾ ਦੀ ਨਵੀਂ ਟੀਮ ਵਿੱਚ ਸਭ ਤੋਂ ਵੱਡੇ ਬਦਲਾਅ ਕੌਮੀ ਜਨਰਲ ਸਕੱਤਰਾਂ ਦੀ ਸੂਚੀ ਵਿੱਚ ਦੇਖਣ ਨੂੰ ਮਿਲ ਸਕਦੇ ਹਨ। ਮੌਜੂਦਾ ਸਮੇਂ ਪਾਰਟੀ ਕੋਲ ਸੱਤ ਰਾਸ਼ਟਰੀ ਜਨਰਲ ਸਕੱਤਰ ਹਨ ਅਤੇ ਨਵੀਂ ਟੀਮ ਦੇ ਗਠਨ ਦੌਰਾਨ ਇਨ੍ਹਾਂ ਅਹੁਦਿਆਂ ’ਤੇ ਫੇਰਬਦਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸੰਗਠਨ ਜਨਰਲ ਸਕੱਤਰ ਬੀ.ਐੱਲ. ਸੰਤੋਸ਼ ਦੇ ਆਪਣੇ ਅਹੁਦੇ ’ਤੇ ਬਣੇ ਰਹਿਣ ਦੀ ਸੰਭਾਵਨਾ ਮਜ਼ਬੂਤ ਦੱਸੀ ਜਾ ਰਹੀ ਹੈ, ਹਾਲਾਂਕਿ ਉਨ੍ਹਾਂ ਨਾਲ ਕੰਮ ਕਰਨ ਲਈ ਕਿਸੇ ਨਵੇਂ ਸਹਿਯੋਗੀ ਦੀ ਨਿਯੁਕਤੀ ਹੋ ਸਕਦੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਨਿਤਿਨ ਨਬੀਨ ਦੀ ਟੀਮ ਵਿੱਚ ਨੌਜਵਾਨ ਅਤੇ ਤਜ਼ਰਬੇਕਾਰ ਆਗੂਆਂ ਦਾ ਸੰਤੁਲਨ ਬਣਾਉਣ ’ਤੇ ਜ਼ੋਰ ਦਿੱਤਾ ਜਾਵੇਗਾ। ਇਸੇ ਕਾਰਨ ਅਨੁਰਾਗ ਠਾਕੁਰ, ਸਤੀਸ਼ ਪੂਨੀਆ ਅਤੇ ਧਰਮਿੰਦਰ ਪ੍ਰਧਾਨ ਵਰਗੇ ਆਗੂਆਂ ਦੇ ਨਾਮ ਮੁੱਖ ਤੌਰ ’ਤੇ ਚਰਚਾ ਵਿੱਚ ਹਨ।
ਇਸ ਤੋਂ ਇਲਾਵਾ ਉੱਤਰੀ ਭਾਰਤ ਦੀ ਨੁਮਾਇੰਦਗੀ ਲਈ ਰਾਜ ਸਭਾ ਮੈਂਬਰ ਸੰਜੇ ਭਾਟੀਆ ਦਾ ਨਾਮ ਵੀ ਵਿਚਾਰ ਅਧੀਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪਾਰਟੀ ਵੱਲੋਂ ਅਜੇ ਤੱਕ ਕਿਸੇ ਵੀ ਨਿਯੁਕਤੀ ਜਾਂ ਜ਼ਿੰਮੇਵਾਰੀ ਸਬੰਧੀ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।







