ਪੰਜਾਬ ‘ਚ ਇਸ ਦਿਨ ਛੁੱਟੀ ਦਾ ਐਲਾਨ, ਸਰਕਾਰੀ ਅਦਾਰੇ ਰਹਿਣਗੇ ਬੰਦ…

ਪੰਜਾਬ ਵਿੱਚ ਇਸ ਵੇਲੇ ਜੂਨ ਮਹੀਨੇ ਦੀਆਂ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਸਕੂਲ-ਕਾਲਜ ਪਹਿਲਾਂ ਹੀ ਬੰਦ ਹਨ। ਇਸ ਦੌਰਾਨ ਸਰਕਾਰੀ ਕਰਮਚਾਰੀਆਂ ਲਈ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਸੂਬਾ ਸਰਕਾਰ ਵੱਲੋਂ 18 ਜੂਨ (ਵੀਰਵਾਰ) ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਹ ਛੁੱਟੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਹੋਵੇਗੀ। ਇਸ ਮੌਕੇ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ, ਵਿਦਿਅਕ ਸੰਸਥਾਵਾਂ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ। ਇਸ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਸਨ ਅਤੇ ਉਨ੍ਹਾਂ ਨੂੰ ਸ਼ਹੀਦਾਂ ਦਾ ਸਿਰਤਾਜ ਕਿਹਾ ਜਾਂਦਾ ਹੈ। ਉਨ੍ਹਾਂ ਦੀ ਲਾਸਾਨੀ ਸ਼ਹਾਦਤ ਸਿੱਖ ਇਤਿਹਾਸ ਦਾ ਇੱਕ ਮਹੱਤਵਪੂਰਨ ਅਧਿਆਇ ਹੈ। ਉਨ੍ਹਾਂ ਦੇ ਸ਼ਹੀਦ ਹੋਣ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਸੰਤ-ਸਿਪਾਹੀ ਦੀ ਵਿਚਾਰਧਾਰਾ ਅਪਣਾਉਣ ਦਾ ਸੰਦੇਸ਼ ਦਿੱਤਾ।