ਪਟਿਆਲਾ ‘ਚ ਫ਼ੈਲਣ ਲੱਗੀ ਇਹ ਬਿਮਾਰੀ! ਸਾਹਮਣੇ ਆਏ 16 ਸ਼ੱਕੀ ਮਾਮਲੇ

ਪਟਿਆਲਾ ਸ਼ਹਿਰ ਵਿੱਚ ਪੀਲੀਆ (ਹੈਪੇਟਾਈਟਿਸ) ਦੇ ਫੈਲਾਅ ਦਾ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ 3 ਮਰੀਜ਼ਾਂ ਵਿੱਚ ਇਸ ਬਿਮਾਰੀ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 16 ਹੋਰ ਸ਼ੱਕੀ ਕੇਸਾਂ ਦੀ ਪਛਾਣ ਕੀਤੀ ਗਈ ਹੈ। ਇਹ ਮਾਮਲੇ ਸਰਹਿੰਦੀ ਗੇਟ ਨੇੜਲੇ ਡੋਗਰਾ ਮੁਹੱਲਾ ਇਲਾਕੇ ਨਾਲ ਸੰਬੰਧਿਤ ਹਨ।

ਕਾਰਜਕਾਰੀ ਸਿਵਲ ਸਰਜਨ ਡਾ. ਕੁਸ਼ਲਦੀਪ ਗਿੱਲ ਨੇ ਦੱਸਿਆ ਕਿ 10 ਜੂਨ ਨੂੰ ਮਾਤਾ ਕੌਸ਼ਲਿਆ ਹਸਪਤਾਲ ਦੀ ਆਈ.ਡੀ.ਐੱਸ.ਪੀ. ਲੈਬ ਤੋਂ ਮਿਲੀ ਰਿਪੋਰਟ ਅਨੁਸਾਰ ਦੋ ਮਰੀਜ਼ਾਂ ਵਿੱਚ ਹੈਪੇਟਾਈਟਿਸ-ਏ ਅਤੇ ਇੱਕ ਮਰੀਜ਼ ਵਿੱਚ ਹੈਪੇਟਾਈਟਿਸ-ਈ ਦੀ ਪੁਸ਼ਟੀ ਹੋਈ ਹੈ।

ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਨਿਗਰਾਨੀ ਦੌਰਾਨ ਹੁਣ ਤੱਕ ਕੁੱਲ 16 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਇਸ ਵੇਲੇ ਪੀਲੀਆ ਨਾਲ ਪੀੜਤ 5 ਮਰੀਜ਼ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਦਾਖਲ ਹਨ। ਸਿਹਤ ਵਿਭਾਗ ਨੇ ਇਲਾਕੇ ਵਿੱਚ ਨਿਗਰਾਨੀ ਅਤੇ ਜਾਂਚ ਮੁਹਿੰਮ ਤੇਜ਼ ਕਰ ਦਿੱਤੀ ਹੈ।