ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਇਨ੍ਹਾਂ ਪਟਵਾਰੀਆਂ ਦੇ ਤਬਾਦਲੇ

ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਲਈ ਇੱਕ ਅਹਿਮ ਅਪਡੇਟ ਸਾਹਮਣੇ ਆਈ ਹੈ। ਡਾਇਰੈਕਟਰ ਲੈਂਡ ਰਿਕਾਰਡ ਪੰਜਾਬ ਵੱਲੋਂ ਹੁਣ ਪਟਵਾਰੀਆਂ ਦੇ ਜ਼ਿਲ੍ਹਾ ਤਬਾਦਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜ ਪਟਵਾਰੀਆਂ ਨੂੰ ਉਹਨਾਂ ਦੇ ਹੋਮ ਡਿਸਟ੍ਰਿਕਟ ਤੋਂ ਬਦਲ ਕੇ ਹੋਰ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ।

ਇਸ ਤਹਿਤ ਰਣਜੀਤ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਦੇ ਧਾਰੜ ਸਰਕਲ ਤੋਂ ਬਰਨਾਲਾ ਭੇਜਿਆ ਗਿਆ ਹੈ। ਗੁਰਮੀਤ ਸਿੰਘ ਬੱਗਾ ਦੀ ਤਾਇਨਾਤੀ ਅੰਮ੍ਰਿਤਸਰ ਦੇ ਸੈਦੋਲੇਹਲ ਸਰਕਲ ਤੋਂ ਫਾਜ਼ਿਲਕਾ ਵਿੱਚ ਕੀਤੀ ਗਈ ਹੈ। ਹਰਪ੍ਰਤਾਪ ਸਿੰਘ ਨੂੰ ਨਿੱਬਰਵਿੰਡ ਸਰਕਲ ਅੰਮ੍ਰਿਤਸਰ ਤੋਂ ਮਾਨਸਾ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਵਿਕਰਮਜੀਤ ਸਿੰਘ ਨੂੰ ਸ਼੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਅਤੇ ਸ਼ਮਸ਼ੇਰ ਸਿੰਘ ਨੂੰ ਬਠਿੰਡਾ ਤੋਂ ਮੁਕਤਸਰ ਸਾਹਿਬ ਤਬਦੀਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਪਟਵਾਰੀਆਂ ਅਤੇ ਤਹਿਸੀਲਦਾਰਾਂ ਦੀ ਹੜਤਾਲ ਮਗਰੋਂ ਕਈ ਤਹਿਸੀਲਦਾਰਾਂ ਦੇ ਦੂਰ-ਦੁਰਾਡੇ ਜ਼ਿਲ੍ਹਿਆਂ ਵਿੱਚ ਤਬਾਦਲੇ ਕੀਤੇ ਗਏ ਸਨ, ਪਰ ਉਸ ਵੇਲੇ ਪਟਵਾਰੀਆਂ ਨੂੰ ਇਸ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਹੁਣ ਪੰਜ ਪਟਵਾਰੀਆਂ ਦੇ ਤਬਾਦਲਿਆਂ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਪਟਵਾਰੀਆਂ ਦੇ ਵੀ ਜ਼ਿਲ੍ਹੇ ਬਦਲੇ ਜਾ ਸਕਦੇ ਹਨ।