ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗਿੱਲ ਵੱਲੋਂ ਪੰਜਾਬ ਦੇ ਰਾਜਪਾਲ ਅਤੇ ਵਿੱਤ ਮੰਤਰੀ ਨਾਲ ਮੁਲਾਕਾਤ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਜੋ ਯੂਨੀਵਰਸਿਟੀ ਦੇ ਚਾਂਸਲਰ ਵਜੋਂ ਵੀ ਸੇਵਾ ਨਿਭਾ ਰਹੇ ਹਨ, ਨਾਲ ਮੁਲਾਕਾਤ ਕੀਤੀ।

ਅਹੁਦਾ ਸੰਭਾਲਣ ਉਪਰੰਤ ਆਪਣੀ ਪਲੇਠੀ ਮੁਲਾਕਾਤ ਦੌਰਾਨ, ਡਾ. ਗਿੱਲ ਨੇ ਰਾਜਪਾਲ ਨੂੰ ਯੂਨੀਵਰਸਿਟੀ ਦੀਆਂ ਚੱਲ ਰਹੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਢਾਂਚੇ, ਬੁਨਿਆਦੀ ਢਾਂਚੇ ਅਤੇ ਸੰਸਥਾਗਤ ਵਿਕਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਕਾਸ ਵਿੱਚ ਤੇਜ਼ੀ ਲਿਆਉਣ ਅਤੇ ਸੂਬੇ ਦੀ ਪ੍ਰਮੁੱਖ ਖੇਡ ਯੂਨੀਵਰਸਿਟੀ ਨੂੰ ਨਵੀਆਂ ਬੁਲੰਦੀਆਂ ‘ਤੇ ਲੈਜਾਣ ਦੇ ਉਦੇਸ਼ ਨਾਲ ਤਿੰਨ ਸਾਲਾਂ ਦਾ ਇੱਕ ਵਿਸਤ੍ਰਿਤ ਰੋਡਮੈਪ ਵੀ ਪੇਸ਼ ਕੀਤਾ।

ਰਾਜਪਾਲ ਨੇ ਯੂਨੀਵਰਸਿਟੀ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਖੇਡ ਸਿੱਖਿਆ, ਖੋਜ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਨੌਜਵਾਨਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਅਤੇ ਪੰਜਾਬ ਨੂੰ ਖੇਡਾਂ ਵਿੱਚ ਉੱਤਮਤਾ ਦੇ ਇੱਕ ਮੋਹਰੀ ਕੇਂਦਰ ਵਜੋਂ ਸਥਾਪਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਇਸ ਤੋਂ ਪਹਿਲਾਂ, ਡਾ. ਗਿੱਲ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵੀ ਮੁਲਾਕਾਤ ਕੀਤੀ ਅਤੇ ਸੂਬੇ ਨੂੰ ਖੇਡ ਸਿੱਖਿਆ, ਖੋਜ ਅਤੇ ਬਿਹਤਰ ਕਾਰਗੁਜ਼ਾਰੀ ਲਈ ਸਿਖਲਾਈ ਦੇ ਮੋਹਰੀ ਕੇਂਦਰ ਵਿੱਚ ਬਦਲਣ ਸਬੰਧੀ ਯੂਨੀਵਰਸਿਟੀ ਦੇ ਦ੍ਰਿਸ਼ਟੀਕੋਣ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਮੁੱਖ ਰਣਨੀਤਕ ਪਹਿਲਕਦਮੀਆਂ ਦੀ ਰੂਪਰੇਖਾ ਪੇਸ਼ ਕੀਤੀ, ਜਿਸ ਵਿੱਚ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚੇ ਦਾ ਵਿਕਾਸ, ਸਿਖਲਾਈ ਸਹੂਲਤਾਂ ਦਾ ਆਧੁਨਿਕੀਕਰਨ, ਖੇਡ ਵਿਗਿਆਨ ਵਿਭਾਗਾਂ ਨੂੰ ਮਜ਼ਬੂਤ ਕਰਨਾ ਅਤੇ ਕੋਚਿੰਗ ਤੇ ਐਥਲੀਟਾਂ ਦੇ ਪ੍ਰਦਰਸ਼ਨ ਦੀ ਨਿਗਰਾਨੀ ਲਈ ਉੱਨਤ ਤਕਨਾਲੋਜੀਆਂ ਦੀ ਵਰਤੋਂ ਸ਼ਾਮਲ ਹੈ।

ਵਿੱਤ ਮੰਤਰੀ ਨੇ ਵਾਈਸ ਚਾਂਸਲਰ ਨੂੰ ਇਨ੍ਹਾਂ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਸੂਬਾ ਸਰਕਾਰ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਦੁਹਰਾਇਆ ਕਿ ਨੌਜਵਾਨਾਂ ਨੂੰ ਰਚਨਾਤਮਕ ਅਤੇ ਉਤਪਾਦਕ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਨਾਲ ਨਾ ਸਿਰਫ਼ ਸਰੀਰਕ ਤੰਦਰੁਸਤੀ ਵਧਦੀ ਹੈ ਬਲਕਿ ਨੌਜਵਾਨਾਂ ਵਿੱਚ ਅਨੁਸ਼ਾਸਨ, ਲੀਡਰਸ਼ਿਪ ਅਤੇ ਟੀਮ ਵਰਕ ਵਰਗੇ ਗੁਣ ਵੀ ਪੈਦਾ ਹੁੰਦੇ ਹਨ।

ਡਾ. ਗਿੱਲ ਨੇ ਦੋਵਾਂ ਪਤਵੰਤਿਆਂ ਨੂੰ ਭਰੋਸਾ ਦਿਵਾਇਆ ਕਿ ਯੂਨੀਵਰਸਿਟੀ ਪ੍ਰਸਤਾਵਿਤ ਰੋਡਮੈਪ ਨੂੰ ਪੜਾਅਵਾਰ ਅਤੇ ਸਮਾਂਬੱਧ ਢੰਗ ਨਾਲ ਲਾਗੂ ਕਰਨ ਲਈ ਸੂਬਾ ਸਰਕਾਰ ਦੇ ਤਾਲਮੇਲ ਨਾਲ ਕੰਮ ਕਰੇਗੀ। ਉਨ੍ਹਾਂ ਨੇ ਖੇਡ ਉੱਤਮਤਾ ਨੂੰ ਉਤਸ਼ਾਹਿਤ ਕਰਨ, ਅਕਾਦਮਿਕ ਮਿਆਰਾਂ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਦੀ ਅਥਾਹ ਸਮਰੱਥਾ ਨੂੰ ਸਕਾਰਾਤਮਕ ਅਤੇ ਰਾਸ਼ਟਰ ਨਿਰਮਾਣ ਦੇ ਕੰਮਾਂ ਵੱਲ ਲਗਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।