500 ਕਿਲੋ ਹੈਰੋਇਨ ਕੇਸ: NIA ਨੇ ਅੰਮ੍ਰਿਤਸਰ ‘ਚ ਦੋਸ਼ੀ ਦੀ ਸੰਪਤੀ ਕੀਤੀ ਜ਼ਬਤ

ਕੌਮੀ ਜਾਂਚ ਏਜੰਸੀ (NIA) ਨੇ 500 ਕਿਲੋ ਹੈਰੋਇਨ ਤਸਕਰੀ ਨਾਲ ਜੁੜੇ ਨਾਰਕੋ-ਟੈਰਰ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਵਿੱਚ ਦੋਸ਼ੀ ਅਨਵਰ ਮਸੀਹ ਦੀਆਂ ਦੋ ਅਚੱਲ ਜਾਇਦਾਦਾਂ ਕੁਰਕ ਕਰ ਦਿੱਤੀਆਂ ਹਨ। ਇਹ ਕਾਰਵਾਈ 13 ਅਗਸਤ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੀ ਧਾਰਾ 25(1) ਤਹਿਤ ਕੀਤੀ ਗਈ।

ਕੁਰਕ ਕੀਤੀਆਂ ਗਈਆਂ ਜਾਇਦਾਦਾਂ ਆਕਾਸ਼ ਵਿਹਾਰ, ਸੁਲਤਾਨਵਿੰਡ (ਫੇਜ਼-1), ਅੰਮ੍ਰਿਤਸਰ ਵਿੱਚ ਸਥਿਤ ਪਲਾਟ ਨੰਬਰ 128 ਅਤੇ 129 ਹਨ, ਜੋ ਅਨਵਰ ਮਸੀਹ ਦੇ ਨਾਮ ਦਰਜ ਹਨ। ਇਹ ਮਾਮਲਾ ‘ਸਲਾਇਆ ਡਰੱਗ ਜ਼ਬਤੀ ਕੇਸ’ ਵਜੋਂ ਜਾਣਿਆ ਜਾਂਦਾ ਹੈ ਅਤੇ ਸਮੁੰਦਰੀ ਰਸਤੇ ਪਾਕਿਸਤਾਨ ਤੋਂ ਭਾਰਤ ਵਿੱਚ 500 ਕਿਲੋ ਹੈਰੋਇਨ ਦੀ ਤਸਕਰੀ ਨਾਲ ਸਬੰਧਤ ਹੈ।

ਐਨਆਈਏ ਦੀ ਜਾਂਚ ਮੁਤਾਬਕ ਅਨਵਰ ਮਸੀਹ ਇੱਕ ਅੰਤਰਰਾਸ਼ਟਰੀ ਨੈੱਟਵਰਕ ਨਾਲ ਜੁੜਿਆ ਹੋਇਆ ਸੀ, ਜਿਸ ਦੇ ਤਾਰ ਇਟਲੀ, ਆਸਟ੍ਰੇਲੀਆ, ਯੂਏਈ, ਥਾਈਲੈਂਡ, ਇਰਾਨ ਅਤੇ ਪਾਕਿਸਤਾਨ ਤੱਕ ਫੈਲੇ ਹੋਏ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਨੈੱਟਵਰਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵੰਡ ਵਿੱਚ ਸਰਗਰਮ ਸੀ ਅਤੇ ਇਸ ਤੋਂ ਹੋਣ ਵਾਲੀ ਕਮਾਈ ਨੂੰ ਲਸ਼ਕਰ-ਏ-ਤਇਬਾ (LeT) ਨਾਲ ਸੰਬੰਧਿਤ ਅਤਿਵਾਦੀ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਸੀ।

ਏਜੰਸੀ ਨੇ ਦੱਸਿਆ ਕਿ ਜਾਂਚ ਦੌਰਾਨ ਕੁਰਕ ਕੀਤੀਆਂ ਜਾਇਦਾਦਾਂ ਅਤੇ ਅਤਿਵਾਦ ਨਾਲ ਜੁੜੀ ਕਮਾਈ ਵਿਚਕਾਰ ਸਬੰਧ ਸਥਾਪਿਤ ਹੋਣ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਕੁਰਕੀ ਦੀ ਪ੍ਰਕਿਰਿਆ ਗਵਾਹਾਂ ਦੀ ਮੌਜੂਦਗੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਪੂਰੀ ਕੀਤੀ ਗਈ।

ਐਨਆਈਏ ਵੱਲੋਂ ਮਾਮਲੇ ਦੀ ਜਾਂਚ ਹਾਲੇ ਵੀ ਜਾਰੀ ਹੈ। ਇਸ ਕੇਸ ਵਿੱਚ ਹੁਣ ਤੱਕ 26 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।