Hoshiarpur Child Murder: 5 ਸਾਲਾ ਹਰਵੀਰ ਸਿੰਘ ਦੇ ਕਤਲ ਮਾਮਲੇ ’ਚ ਨਾਨਕੇ ਯਾਦਵ ਨੂੰ ਫਾਂਸੀ ਦੀ ਸਜ਼ਾ
ਹੁਸ਼ਿਆਰਪੁਰ: ਸ਼ਹਿਰ ਦੇ ਦੀਪ ਨਗਰ ਇਲਾਕੇ ਵਿੱਚ 5 ਸਾਲਾ ਬੱਚੇ ਹਰਵੀਰ ਸਿੰਘ ਨੂੰ ਅਗਵਾ ਕਰਨ ਮਗਰੋਂ ਬਦਫ਼ੈਲੀ ਅਤੇ ਕਤਲ ਕਰਨ ਦੇ ਮਾਮਲੇ ਵਿੱਚ ਸਪੈਸ਼ਲ ਪੋਕਸੋ (POCSO) ਅਦਾਲਤ ਨੇ ਦੋਸ਼ੀ ਨਾਨਕੇ ਯਾਦਵ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਨੂੰ ‘ਦੁਰਲੱਭ ਤੋਂ ਦੁਰਲੱਭ’ (Rarest of Rare) ਸ਼੍ਰੇਣੀ ਦਾ ਕੇਸ ਮੰਨਦਿਆਂ ਫਾਂਸੀ ਦੀ ਸਜ਼ਾ ਦਾ ਐਲਾਨ ਕੀਤਾ।
ਮਾਣਯੋਗ ਅਦਾਲਤ ਵੱਲੋਂ 15 ਸਤੰਬਰ ਨੂੰ ਨਾਨਕੇ ਯਾਦਵ ਨੂੰ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 103 ਅਤੇ ਪੋਕਸੋ ਐਕਟ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਜ਼ਾ ਦੀ ਮਿਆਦ ਅਤੇ ਕਿਸਮ ’ਤੇ ਫ਼ੈਸਲਾ ਕਰਨ ਲਈ ਸ਼ੁੱਕਰਵਾਰ ਦਾ ਦਿਨ ਨਿਰਧਾਰਤ ਕੀਤਾ ਗਿਆ ਸੀ।
ਘਰ ਦੇ ਬਾਹਰ ਖੇਡ ਰਹੇ ਬੱਚੇ ਨੂੰ ਕੀਤਾ ਸੀ ਅਗਵਾ
ਪ੍ਰੌਸੀਕਿਊਸ਼ਨ ਮੁਤਾਬਕ, 9 ਸਤੰਬਰ ਪਿਛਲੇ ਸਾਲ ਹਰਵੀਰ ਸਿੰਘ ਨੂੰ ਉਸ ਸਮੇਂ ਅਗਵਾ ਕੀਤਾ ਗਿਆ ਸੀ, ਜਦੋਂ ਉਹ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਅਗਲੇ ਦਿਨ ਪੁਰਹੀਰਾਂ ਦੇ ਇੱਕ ਸ਼ਮਸ਼ਾਨਘਾਟ ਤੋਂ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ।
ਪੋਸਟਮਾਰਟਮ ਜਾਂਚ ਵਿੱਚ ਬੱਚੇ ਨਾਲ ਕਥਿਤ ਜਿਨਸੀ ਅਪਰਾਧ ਮਗਰੋਂ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ ਸੀ। ਪੁਲੀਸ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਘਟਨਾ ਤੋਂ ਅਗਲੇ ਹੀ ਦਿਨ ਨਾਨਕੇ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਸ ਘਟਨਾ ਮਗਰੋਂ ਹੁਸ਼ਿਆਰਪੁਰ ਤੋਂ ਇਲਾਵਾ ਪੰਜਾਬ ਦੇ ਕਈ ਹਿੱਸਿਆਂ ਵਿੱਚ ਵੀ ਰੋਸ ਪ੍ਰਦਰਸ਼ਨ ਹੋਏ ਸਨ। ਕੁਝ ਥਾਵਾਂ ’ਤੇ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਵੀ ਵਿਰੋਧ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਕੁਝ ਪੰਚਾਇਤਾਂ ਵੱਲੋਂ ਇਸ ਸਬੰਧੀ ਮਤੇ ਪਾਸ ਕੀਤੇ ਜਾਣ ਦੀਆਂ ਰਿਪੋਰਟਾਂ ਵੀ ਆਈਆਂ ਸਨ।
ਪਰਿਵਾਰ ਨੇ ਫ਼ੈਸਲੇ ’ਤੇ ਪ੍ਰਗਟਾਈ ਤਸੱਲੀ
ਅਦਾਲਤ ਦੇ ਫ਼ੈਸਲੇ ’ਤੇ ਹਰਵੀਰ ਦੇ ਪਿਤਾ ਅਮਨਦੀਪ ਸਿੰਘ ਨੇ ਤਸੱਲੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਬੱਚੇ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ, ਪਰ ਦੋਸ਼ੀ ਨੂੰ ਸਜ਼ਾ ਮਿਲਣ ਨਾਲ ਪਰਿਵਾਰ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਪੁੱਤਰ ਲਈ ਇਨਸਾਫ਼ ਦੀ ਉਮੀਦ ਕਰ ਰਹੇ ਸਨ।
ਪਰਿਵਾਰ ਦੀ ਪੈਰਵੀ ਕਰ ਰਹੇ ਐਡਵੋਕੇਟ ਅਸ਼ਵਨੀ ਕੁਮਾਰ ਵਰਮਾ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਦਾ ਯਤਨ ਸੀ ਕਿ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ।







