ਝੋਨੇ ਦੀ ਫ਼ਸਲ ’ਤੇ ਸੋਕੇ ਦਾ ਅਸਰ, ਖੇਤੀ ਮੰਤਰੀ ਖੁੱਡੀਆਂ ਦੇ ਹਲਕੇ ’ਚ ਹਾਲਾਤ ਗੰਭੀਰ

Punjab Paddy Crisis: ਖੇਤੀ ਮੰਤਰੀ ਖੁੱਡੀਆਂ ਦੇ ਹਲਕੇ ’ਚ ਸੁੱਕ ਰਿਹਾ ਝੋਨਾ, ਕਿਸਾਨਾਂ ਨੇ ਫ਼ਸਲ ਵਾਹੁਣੀ ਸ਼ੁਰੂ ਕੀਤੀ

ਲੰਬੀ: ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵਿਧਾਨ ਸਭਾ ਹਲਕੇ ਲੰਬੀ ਦੇ ਸਰਹੱਦੀ ਇਲਾਕੇ ਵਿੱਚ ਨਹਿਰੀ ਪਾਣੀ ਦੀ ਘਾਟ ਅਤੇ ਮੀਂਹ ਨਾ ਪੈਣ ਕਾਰਨ ਝੋਨੇ ਦੀ ਫ਼ਸਲ ’ਤੇ ਸੋਕੇ ਦਾ ਸੰਕਟ ਗਹਿਰਾ ਰਿਹਾ ਹੈ। ਹਲਕੇ ਦੇ ਆਖਰੀ ਪਿੰਡ ਕਿੱਲਿਆਂਵਾਲੀ ਵਿੱਚ ਕਰੀਬ 2,000 ਏਕੜ ਰਕਬੇ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਪਾਣੀ ਦੀ ਕਮੀ ਕਾਰਨ ਸੁੱਕਣ ਦੇ ਕੰਢੇ ’ਤੇ ਦੱਸੀ ਜਾ ਰਹੀ ਹੈ। ਕਈ ਦੁਖੀ ਕਿਸਾਨਾਂ ਨੇ ਆਪਣੀ ਤਿਆਰ ਕੀਤੀ ਫ਼ਸਲ ਨੂੰ ਬਚਾਉਣ ਦੀ ਉਮੀਦ ਖ਼ਤਮ ਹੋਣ ਮਗਰੋਂ ਖੇਤਾਂ ਵਿੱਚ ਟਰੈਕਟਰ ਚਲਾਉਣੇ ਸ਼ੁਰੂ ਕਰ ਦਿੱਤੇ ਹਨ।

ਕਿਸਾਨਾਂ ਅਨੁਸਾਰ ਪਿੰਡ ਵਿੱਚ ਕੁੱਲ ਲਗਭਗ 6,000 ਏਕੜ ਖੇਤੀਬਾੜੀ ਰਕਬਾ ਹੈ, ਜਿਸ ਵਿੱਚੋਂ ਕਰੀਬ ਇੱਕ ਤਿਹਾਈ ਫ਼ਸਲ ਸੋਕੇ ਦੀ ਮਾਰ ਹੇਠ ਆਉਣ ਦਾ ਖ਼ਦਸ਼ਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਹਾਲਾਤ ਨਾ ਸੁਧਰੇ ਤਾਂ ਇਸ ਦਾ ਸਿੱਧਾ ਅਸਰ ਸਰਹੱਦੀ ਕਿਸਾਨਾਂ ਦੀ ਆਰਥਿਕ ਹਾਲਤ ’ਤੇ ਪਵੇਗਾ।

ਕਿਸਾਨ ਮਨਦੀਪ ਸਿੰਘ ਭਾਟੀ ਨੇ ਪਾਣੀ ਦੀ ਘਾਟ ਕਾਰਨ ਆਪਣੀ 16 ਏਕੜ ਝੋਨੇ ਦੀ ਫ਼ਸਲ ਵਾਹ ਦਿੱਤੀ। ਇਸੇ ਤਰ੍ਹਾਂ ਹਰਦੀਪ ਸਿੰਘ ਭਾਟੀ ਅਤੇ ਸੁਖਪਾਲ ਸਿੰਘ ਸਰਾਂ ਨੇ ਵੀ ਤਿੰਨ-ਤਿੰਨ ਏਕੜ ਖੜ੍ਹਾ ਝੋਨਾ ਵਾਹ ਦਿੱਤਾ ਹੈ। ਕਿਸਾਨਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ 400 ਤੋਂ 500 ਏਕੜ ਹੋਰ ਝੋਨੇ ਦੀ ਫ਼ਸਲ ਵਾਹੁਣੀ ਪੈ ਸਕਦੀ ਹੈ।

ਕਿਸਾਨਾਂ ਨੇ ਦੱਸਿਆ ਕਿ ਇਲਾਕੇ ਵਿੱਚ ਜ਼ਮੀਨਦੋਜ਼ ਪਾਣੀ ਵੀ ਮਾੜੀ ਗੁਣਵੱਤਾ ਵਾਲਾ ਹੈ, ਜਿਸ ਕਾਰਨ ਬਚੀ ਹੋਈ ਫ਼ਸਲ ਨੂੰ ਵੀ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਵੱਲੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪ੍ਰਭਾਵਿਤ ਖੇਤਾਂ ਵਿੱਚ ਝੋਨੇ ਦਾ ਝਾੜ ਘਟ ਕੇ ਸਿਰਫ਼ 5 ਤੋਂ 10 ਮਣ ਪ੍ਰਤੀ ਏਕੜ ਰਹਿ ਸਕਦਾ ਹੈ।

ਕਿਸਾਨ ਜਥੇਬੰਦੀ ਨੇ ਪ੍ਰਸ਼ਾਸਨ ਕੋਲ ਰੱਖੀਆਂ ਮੰਗਾਂ

ਇਸ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਨੇ ਵੀ ਆਵਾਜ਼ ਉਠਾਈ ਹੈ। ਬਲਾਕ ਲੰਬੀ ਦੇ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਕਿੱਲਿਆਂਵਾਲੀ ਦੀ ਅਗਵਾਈ ਹੇਠ ਕਿਸਾਨਾਂ ਨੇ ਪ੍ਰਸ਼ਾਸਨ ਕੋਲ ਆਪਣੀਆਂ ਮੰਗਾਂ ਰੱਖੀਆਂ। ਇਸ ਦੌਰਾਨ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਬਰਾੜ ਨੂੰ ਮੰਗ ਪੱਤਰ ਸੌਂਪਿਆ ਗਿਆ।

ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਲੋੜ ਮੁਤਾਬਕ ਨਹਿਰੀ ਪਾਣੀ ਨਾ ਮਿਲਣ ਅਤੇ ਇਲਾਕੇ ਦੇ ਹੇਠਲੇ ਪਾਣੀ ਦੇ ਖਾਰੇ ਹੋਣ ਕਾਰਨ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੁਆਵਜ਼ਾ ਨਾ ਮਿਲਣ ਦੀ ਸੂਰਤ ਵਿੱਚ ਪ੍ਰਭਾਵਿਤ ਕਿਸਾਨਾਂ ਲਈ ਅਗਲੀ ਫ਼ਸਲ ਦੀ ਬੀਜਾਈ ਕਰਨਾ ਵੀ ਮੁਸ਼ਕਲ ਹੋ ਸਕਦਾ ਹੈ।

ਇਸ ਮੌਕੇ ਇਕਾਈ ਪ੍ਰਧਾਨ ਸੱਤਪਾਲ ਸਿੰਘ ਤੋਂ ਇਲਾਵਾ ਲਖਵਿੰਦਰ ਸਿੰਘ, ਈਸ਼ਵਰ ਸਿੰਘ, ਪ੍ਰਦੀਪ ਸਿੰਘ, ਸੁਖਵੀਰ ਸਿੰਘ, ਪਾਲ ਸਰਾਂ ਅਤੇ ਪੱਪੀ ਭਾਟੀ ਸਮੇਤ ਕਈ ਕਿਸਾਨ ਮੌਜੂਦ ਰਹੇ।

ਖੇਤੀਬਾੜੀ ਵਿਭਾਗ ਨੇ ਮੰਗੀ ਮੌਕੇ ਦੀ ਰਿਪੋਰਟ

ਦੂਜੇ ਪਾਸੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ ਨੇ ਕਿਹਾ ਕਿ ਮਾੜੀ ਗੁਣਵੱਤਾ ਵਾਲੇ ਜ਼ਮੀਨੀ ਪਾਣੀ ਕਾਰਨ ਕੁਝ ਇਲਾਕਿਆਂ ਵਿੱਚ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਮੌਕੇ ਦੀ ਸਥਿਤੀ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕਰਨ ਲਈ ਫ਼ੀਲਡ ਸਟਾਫ਼ ਤੋਂ ਜ਼ਮੀਨੀ ਰਿਪੋਰਟ ਤਲਬ ਕੀਤੀ ਗਈ ਹੈ।