2027 ਦੀ ਚੋਣੀ ਜੰਗ ਤੋਂ ਪਹਿਲਾਂ ਬਾਬਾ ਬਕਾਲਾ ਸਾਹਿਬ ’ਚ ਸਿਆਸੀ ਧਿਰਾਂ ਦੀ ਵੱਡੀ ਕਸੌਟੀ

ਰੱਖੜ ਪੁੰਨਿਆ ਜੋੜ ਮੇਲਾ ਬਣਿਆ ਸਿਆਸੀ ਤਾਕਤ ਦੀ ਕਸੌਟੀ, 2027 ਚੋਣਾਂ ਤੋਂ ਪਹਿਲਾਂ ਧਿਰਾਂ ਦਾ ਵੱਡਾ ਸ਼ਕਤੀ ਪ੍ਰਦਰਸ਼ਨ

ਬਾਬਾ ਬਕਾਲਾ ਸਾਹਿਬ ਵਿਖੇ ਲੱਗਣ ਵਾਲਾ ਇਤਿਹਾਸਕ ਰੱਖੜ ਪੁੰਨਿਆ ਜੋੜ ਮੇਲਾ ਇਸ ਵਾਰ ਧਾਰਮਿਕ ਮਹੱਤਤਾ ਦੇ ਨਾਲ-ਨਾਲ ਸਿਆਸੀ ਪੱਖੋਂ ਵੀ ਖਾਸ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਮੇਲਾ ਸੂਬੇ ਦੀਆਂ ਮੁੱਖ ਰਾਜਨੀਤਿਕ ਪਾਰਟੀਆਂ ਲਈ ਆਪਣੀ ਲੋਕਪ੍ਰਿਯਤਾ ਅਤੇ ਸੰਗਠਨਾਤਮਕ ਤਾਕਤ ਦਿਖਾਉਣ ਦਾ ਅਹਿਮ ਮੰਚ ਬਣ ਗਿਆ ਹੈ।

ਭਾਰਤੀ ਜਨਤਾ ਪਾਰਟੀ (ਭਾਜਪਾ), ਜੋ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ ਬਲਬੂਤੇ ਮੈਦਾਨ ਵਿੱਚ ਉਤਰਣ ਦੀ ਤਿਆਰੀ ਕਰ ਰਹੀ ਹੈ, ਨੇ ਮੇਲੇ ਦੌਰਾਨ ਆਪਣਾ ਵਿਸ਼ੇਸ਼ ਸਿਆਸੀ ਪ੍ਰੋਗਰਾਮ ਰੱਖ ਕੇ ਮੁਕਾਬਲੇ ਨੂੰ ਹੋਰ ਰੌਚਕ ਬਣਾ ਦਿੱਤਾ ਹੈ। ਪਾਰਟੀ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਰਾਹੀਂ ਵੱਡਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਦੇ ਨਾਲ ਹੀ ਪਿੰਡ ਉਮਰਾ ਨੰਗਲ ਵਿੱਚ ‘ਕਿਸਾਨ ਚੌਪਾਲ’ ਦਾ ਆਯੋਜਨ ਕਰਕੇ ਕਿਸਾਨ ਵਰਗ ਨਾਲ ਸਿੱਧਾ ਸੰਪਰਕ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।

ਉੱਧਰ ਸ਼੍ਰੋਮਣੀ ਅਕਾਲੀ ਦਲ ਲਈ ਇਹ ਮੇਲਾ ਆਪਣੀ ਪੰਥਕ ਅਤੇ ਸਿਆਸੀ ਪਛਾਣ ਨੂੰ ਮਜ਼ਬੂਤ ਕਰਨ ਦਾ ਮੌਕਾ ਮੰਨਿਆ ਜਾ ਰਿਹਾ ਹੈ। ਪਾਰਟੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਵਰਕਰਾਂ ਨੂੰ ਸਰਗਰਮ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ।

ਕਾਂਗਰਸ ਲਈ ਵੀ ਇਹ ਸਮਾਗਮ ਅਹਿਮ ਮੰਨਿਆ ਜਾ ਰਿਹਾ ਹੈ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੈਰਹਾਜ਼ਰੀ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਨੂੰ ਪਾਰਟੀ ਦੇ ਅੰਦਰੂਨੀ ਧੜਿਆਂ ਵਿਚਾਲੇ ਪ੍ਰਭਾਵ ਦਿਖਾਉਣ ਦੇ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਨਿਗਾਹਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਕਿਹੜਾ ਧੜਾ ਵੱਧ ਸਮਰਥਨ ਇਕੱਠਾ ਕਰਨ ਵਿੱਚ ਕਾਮਯਾਬ ਰਹਿੰਦਾ ਹੈ।

ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਨੇ ਰਈਆ ਅਨਾਜ ਮੰਡੀ ਵਿੱਚ ਆਪਣੇ ਸਮਾਗਮ ਨੂੰ ਸੂਬਾ ਪੱਧਰੀ ਰੂਪ ਦਿੱਤਾ ਹੈ। ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਤਰ੍ਹਾਂ ਰੱਖੜ ਪੁੰਨਿਆ ਦਾ ਮੇਲਾ ਧਾਰਮਿਕ ਆਸਥਾ ਦੇ ਨਾਲ-ਨਾਲ ਪੰਜਾਬ ਦੀ ਸਿਆਸੀ ਧਰਤੀ ‘ਤੇ ਤਾਕਤ ਦੀ ਪਰਖ ਦਾ ਵੱਡਾ ਮੰਚ ਬਣਦਾ ਨਜ਼ਰ ਆ ਰਿਹਾ ਹੈ।