ਜੰਮੂ-ਕਸ਼ਮੀਰ ਪੁਲੀਸ ਦੀ ਰੇਲਵੇ ਪੁਲੀਸ (ਜੀ.ਆਰ.ਪੀ.) ਨੇ 1991 ਦੇ ਜੰਮੂ ਰੇਲਵੇ ਸਟੇਸ਼ਨ ਬੰਬ ਧਮਾਕਾ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ 35 ਸਾਲਾਂ ਤੋਂ ਫਰਾਰ ਚੱਲ ਰਹੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਮੁਤਾਬਕ ਦੋਸ਼ੀ ਲੰਬੇ ਸਮੇਂ ਤੱਕ ਆਪਣੀ ਅਸਲੀ ਪਛਾਣ ਛੁਪਾ ਕੇ ਰਹਿੰਦਾ ਰਿਹਾ ਅਤੇ ਬਾਅਦ ਵਿੱਚ ਇੱਕ ਕਾਰੋਬਾਰੀ ਵਜੋਂ ਜੀਵਨ ਬਤੀਤ ਕਰ ਰਿਹਾ ਸੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਅਲਤਾਫ ਹੁਸੈਨ ਸ਼ੇਖ ਵਜੋਂ ਹੋਈ ਹੈ, ਜੋ ਅਨੰਤਨਾਗ ਜ਼ਿਲ੍ਹੇ ਦੇ ਮਰਹਾਮਾ-ਬਿਜਬਿਹਾਰਾ ਇਲਾਕੇ ਦਾ ਵਸਨੀਕ ਹੈ। ਉਸ ਦਾ ਨਾਮ ਉਸ ਵੇਲੇ ਦੇ ਟਾਡਾ (TADA) ਕਾਨੂੰਨ ਅਧੀਨ ਦਰਜ ਮਾਮਲੇ ਵਿੱਚ ਸ਼ਾਮਲ ਸੀ। ਜਾਂਚ ਏਜੰਸੀਆਂ ਦੇ ਅਨੁਸਾਰ ਉਹ 2 ਅਪਰੈਲ 1991 ਨੂੰ ਜੰਮੂ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ‘ਤੇ ਹੋਏ ਧਮਾਕੇ ਨਾਲ ਜੁੜੇ ਦੋਸ਼ੀਆਂ ਵਿੱਚੋਂ ਇੱਕ ਸੀ। ਇਸ ਹਮਲੇ ਵਿੱਚ ਅਰਧ ਸੈਨਿਕ ਬਲਾਂ ਦੇ ਦੋ ਜਵਾਨਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 18 ਹੋਰ ਨਾਗਰਿਕ ਜ਼ਖ਼ਮੀ ਹੋਏ ਸਨ।
ਪੁਲੀਸ ਨੇ ਦੱਸਿਆ ਕਿ ਮਾਮਲੇ ਦੀ ਸ਼ੁਰੂਆਤੀ ਜਾਂਚ ਦੌਰਾਨ ਇੱਕ ਦੋਸ਼ੀ ਅਮਨ ਉੱਲਾ ਖਾਨ ਨੂੰ ਕਾਬੂ ਕਰ ਲਿਆ ਗਿਆ ਸੀ, ਪਰ ਤਿੰਨ ਹੋਰ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਚ ਨਿਕਲੇ ਸਨ। ਬਾਅਦ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।
ਜੀ.ਆਰ.ਪੀ. ਜੰਮੂ ਨੇ ਪਿਛਲੇ ਦੋ ਸਾਲਾਂ ਦੌਰਾਨ ਇਸ ਮਾਮਲੇ ਵਿੱਚ ਤਲਾਸ਼ੀ ਮੁਹਿੰਮ ਨੂੰ ਹੋਰ ਤੇਜ਼ ਕੀਤਾ। ਲਗਾਤਾਰ ਖੁਫੀਆ ਜਾਣਕਾਰੀ ਅਤੇ ਜਾਂਚ ਦੇ ਆਧਾਰ ‘ਤੇ ਪੁਲੀਸ ਨੇ ਅਲਤਾਫ ਹੁਸੈਨ ਸ਼ੇਖ ਦੀ ਪਛਾਣ ਅਤੇ ਟਿਕਾਣੇ ਦੀ ਪੁਸ਼ਟੀ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਉਹ ਆਪਣੀ ਅਸਲੀ ਪਛਾਣ ਲੁਕਾ ਕੇ ਬਿਜਬਿਹਾਰਾ ਖੇਤਰ ਵਿੱਚ ਇੱਕ ਸਫਲ ਕਾਰੋਬਾਰੀ ਵਜੋਂ ਰਹਿ ਰਿਹਾ ਸੀ।
ਪੁਲੀਸ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ 13 ਅਗਸਤ ਨੂੰ ਟਾਡਾ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।







