1984 ਦੇ ਸਿੱਖ ਕਤਲੇਆਮ ਦੀ ਯਾਦ ’ਚ ਬਰੈਂਪਟਨ ਸਿਟੀ ਹਾਲ ਦੇ ਝੰਡੇ 7 ਦਿਨਾਂ ਲਈ ਅੱਧੇ ਝੁਕਾਏ
ਮ੍ਰਿਤਕਾਂ ਦੀ ਯਾਦ ’ਚ ਦੋ ਮਿੰਟ ਦਾ ਮੌਨ ਧਾਰ ਕੇ ਦਿੱਤੀ ਸ਼ਰਧਾਂਜਲੀ; 13 ਨਵੰਬਰ ਨੂੰ ਓਟਾਵਾ ਦੇ ਪਾਰਲੀਮੈਂਟ ਹਿੱਲ ਨੇੜੇ ਹੋਵੇਗਾ ਸਿੱਖ ਸੰਗਤ ਦਾ ਵੱਡਾ ਇਕੱਠ
ਬਰੈਂਪਟਨ (ਕੈਨੇਡਾ): ਭਾਰਤ ਵਿੱਚ ਨਵੰਬਰ 1984 ਦੌਰਾਨ ਵਾਪਰੇ ਸਿੱਖ ਕਤਲੇਆਮ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਕੈਨੇਡਾ ਦੇ ਬਰੈਂਪਟਨ ਸ਼ਹਿਰ ਦੀ ਸਿਟੀ ਕੌਂਸਲ ਵੱਲੋਂ ਵਿਸ਼ੇਸ਼ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤਹਿਤ ਸਿਟੀ ਹਾਲ ਦੇ ਝੰਡੇ ਇੱਕ ਹਫ਼ਤੇ ਲਈ ਅੱਧੇ ਝੁਕਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ 1 ਨਵੰਬਰ ਤੋਂ ਅੱਧੇ ਝੁਕਾਏ ਗਏ ਝੰਡੇ 7 ਨਵੰਬਰ ਤੱਕ ਇਸੇ ਸਥਿਤੀ ਵਿੱਚ ਰਹਿਣਗੇ। ਬਰੈਂਪਟਨ ਸਿਟੀ ਕੌਂਸਲ ਵੱਲੋਂ ਪਿਛਲੇ ਕਈ ਸਾਲਾਂ ਤੋਂ 1984 ਦੇ ਪੀੜਤਾਂ ਦੀ ਯਾਦ ਵਿੱਚ ਇਹ ਪ੍ਰੰਪਰਾ ਨਿਭਾਈ ਜਾ ਰਹੀ ਹੈ।
ਦੋ ਮਿੰਟ ਦਾ ਮੌਨ ਧਾਰ ਕੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ
ਇਸ ਮੌਕੇ ਸਿਟੀ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ 1984 ਦੇ ਸਿੱਖ ਕਤਲੇਆਮ ਵਿੱਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਜ਼ਿਕਰਯੋਗ ਹੈ ਕਿ ਅਕਤੂਬਰ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਵਿਰੁੱਧ ਵੱਡੇ ਪੱਧਰ ’ਤੇ ਹਿੰਸਾ ਹੋਈ ਸੀ, ਜਿਸ ਦੌਰਾਨ ਹਜ਼ਾਰਾਂ ਲੋਕਾਂ ਦੀ ਜਾਨ ਗਈ ਸੀ।
ਕੈਨੇਡਾ ਦੇ ਕਈ ਸ਼ਹਿਰਾਂ ’ਚ ਕਰਵਾਏ ਗਏ ਯਾਦਗਾਰੀ ਸਮਾਗਮ
ਬਰੈਂਪਟਨ ਤੋਂ ਇਲਾਵਾ ਕੈਨੇਡਾ ਦੇ ਹੋਰ ਕਈ ਸ਼ਹਿਰਾਂ ਵਿੱਚ ਵੀ 1984 ਦੇ ਪੀੜਤਾਂ ਦੀ ਯਾਦ ਵਿੱਚ ਸ਼ੋਕ ਸਭਾਵਾਂ ਅਤੇ ਸ਼ਰਧਾਂਜਲੀ ਸਮਾਗਮ ਕਰਵਾਏ ਗਏ।
ਇਨ੍ਹਾਂ ਸ਼ਹਿਰਾਂ ਵਿੱਚ ਵੈਨਕੂਵਰ, ਸਰੀ, ਅੱਬਟਸਫੋਰਡ, ਪਿਕਰਿੰਗ, ਕੈਲਗਰੀ, ਰੀਜਾਈਨਾ ਅਤੇ ਓਟਾਵਾ ਸ਼ਾਮਲ ਹਨ। ਇਨ੍ਹਾਂ ਸਮਾਗਮਾਂ ਦੌਰਾਨ ਸਿੱਖ ਸੰਗਤ ਵੱਲੋਂ ਮ੍ਰਿਤਕਾਂ ਨੂੰ ਯਾਦ ਕਰਦਿਆਂ ਉਨ੍ਹਾਂ ਪ੍ਰਤੀ ਸਤਿਕਾਰ ਪ੍ਰਗਟਾਇਆ ਗਿਆ।
13 ਨਵੰਬਰ ਨੂੰ ਓਟਾਵਾ ਵਿਖੇ ਵੱਡੇ ਇਕੱਠ ਦੀ ਤਿਆਰੀ
ਇਸੇ ਸਬੰਧ ਵਿੱਚ 13 ਨਵੰਬਰ ਨੂੰ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਪਾਰਲੀਮੈਂਟ ਹਿੱਲ ਨੇੜੇ ਸਿੱਖ ਸੰਗਤ ਦਾ ਵੱਡਾ ਇਕੱਠ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਟੋਰਾਂਟੋ, ਬਰੈਂਪਟਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਇਸ ਇਕੱਠ ਵਿੱਚ ਸ਼ਾਮਲ ਹੋਣ ਵਾਲੀ ਸੰਗਤ ਲਈ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕਰਨ ਦੀ ਯੋਜਨਾ ਬਣਾਈ ਗਈ ਹੈ।
1984 ਦੇ ਦੁਖਾਂਤ ਬਾਰੇ ਵਿਸ਼ਵ ਪੱਧਰ ’ਤੇ ਜਾਗਰੂਕਤਾ ਫੈਲਾਉਣਾ ਮਕਸਦ
ਸਮਾਗਮ ਦੇ ਪ੍ਰਬੰਧਕਾਂ ਵਿੱਚੋਂ ਇੱਕ ਅਵਤਾਰ ਸਿੰਘ ਪੂਨੀਆ ਨੇ ਦੱਸਿਆ ਕਿ ਇਸ ਇਕੱਠ ਦਾ ਮੁੱਖ ਉਦੇਸ਼ ਨਵੰਬਰ 1984 ਦੌਰਾਨ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵਾਪਰੀ ਹਿੰਸਾ ਅਤੇ ਸਿੱਖਾਂ ਦੇ ਕਤਲੇਆਮ ਬਾਰੇ ਵਿਸ਼ਵ ਪੱਧਰ ’ਤੇ ਜਾਗਰੂਕਤਾ ਪੈਦਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਸ ਉਪਰਾਲੇ ਰਾਹੀਂ ਅਮਨ, ਭਾਈਚਾਰਕ ਸਾਂਝ ਅਤੇ ਏਕਤਾ ਦਾ ਸੁਨੇਹਾ ਵੀ ਦਿੱਤਾ ਜਾਵੇਗਾ।
ਪੂਨੀਆ ਅਨੁਸਾਰ ਅਜਿਹੇ ਯਾਦਗਾਰੀ ਸਮਾਗਮਾਂ ਦਾ ਮਕਸਦ ਇਤਿਹਾਸ ਦੇ ਦੁਖਦਾਈ ਅਧਿਆਵਾਂ ਨੂੰ ਯਾਦ ਰੱਖਣਾ ਅਤੇ ਇਹ ਯਕੀਨੀ ਬਣਾਉਣ ਲਈ ਜਾਗਰੂਕਤਾ ਪੈਦਾ ਕਰਨਾ ਹੈ ਕਿ ਭਵਿੱਖ ਵਿੱਚ ਕਿਸੇ ਵੀ ਭਾਈਚਾਰੇ ਨਾਲ ਅਜਿਹਾ ਦੁਖਾਂਤ ਮੁੜ ਨਾ ਵਾਪਰੇ।







