ਫਰਦ ਕੇਂਦਰ ਆਪਰੇਟਰ ਐਸੋਸੀਏਸ਼ਨ ਪੰਜਾਬ (ਰਜਿ. ਨੰ. 132) ਵੱਲੋਂ ਲੁਧਿਆਣਾ ਦੇ ਰੱਖ ਬਾਗ਼ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਸਰਕਾਰ ਅਤੇ ਸੰਬੰਧਿਤ ਵਿਭਾਗ ਦੇ ਰਵੱਈਏ ਖ਼ਿਲਾਫ਼ ਤਿੱਖਾ ਰੋਸ ਜਤਾਉਂਦਿਆਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਲਿਆ ਗਿਆ।
ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਚੱਕੇਰੀਆਂ ਨੇ ਕਿਹਾ ਕਿ ਫਰਦ ਕੇਂਦਰਾਂ ਦੇ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਢੁੱਕਵਾਂ ਹੱਲ ਨਹੀਂ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਫਰਦ ਕੇਂਦਰਾਂ ਦਾ ਸੰਚਾਲਨ ਕਰ ਰਹੀ ਪ੍ਰਾਈਵੇਟ ਕੰਪਨੀ ਸੀ.ਐੱਮ.ਐੱਸ. ਦਾ ਠੇਕਾ 15 ਮਈ 2026 ਨੂੰ ਸਮਾਪਤ ਹੋ ਗਿਆ ਸੀ, ਪਰ ਕੰਪਨੀ ਨੇ ਕਰਮਚਾਰੀਆਂ ਦੀ ਇੱਕ ਮਹੀਨੇ ਦੀ ਬਕਾਇਆ ਤਨਖ਼ਾਹ, ਗ੍ਰੈਚੂਟੀ ਫੰਡ ਅਤੇ ਐਕਸਪੀਰੀਅੰਸ ਲੈਟਰ ਅਜੇ ਤੱਕ ਜਾਰੀ ਨਹੀਂ ਕੀਤੇ।
ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੇ ਪ੍ਰੋਜੈਕਟ ਮੈਨੇਜਰ ਰਾਜੀਵ ਮਹਿਤਾ ਵੱਲੋਂ ਮੁੰਬਈ ਸਥਿਤ ਹੈੱਡ ਆਫ਼ਿਸ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ, ਪਰ ਉੱਥੇ ਵੀ ਕੋਈ ਸੰਤੋਸ਼ਜਨਕ ਜਵਾਬ ਜਾਂ ਸੰਪਰਕ ਨਹੀਂ ਹੋ ਰਿਹਾ।
ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ 15 ਅਤੇ 16 ਜੁਲਾਈ ਨੂੰ ਜਲੰਧਰ ਸਥਿਤ ਡੀ.ਐੱਲ.ਆਰ. ਦਫ਼ਤਰ ਅੱਗੇ ਧਰਨਾ ਅਤੇ ਝੰਡਾ ਮਾਰਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਣਮਿੱਥੇ ਸਮੇਂ ਲਈ ਕੰਮ ਬੰਦ ਕਰਕੇ ਹੜਤਾਲ ਵੀ ਸ਼ੁਰੂ ਕੀਤੀ ਜਾਵੇਗੀ।
ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਨੇ ਜਲਦ ਮਸਲੇ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਵਿਸਥਾਰ ਦਿੱਤਾ ਜਾਵੇਗਾ।
ਇਸ ਮੀਟਿੰਗ ਵਿੱਚ ਬਲਜਿੰਦਰ ਸੋਨੀ, ਲਖਬੀਰ ਸਿੰਘ, ਅਮਨਦੀਪ ਸਿੰਘ, ਨਾਨਕ ਸਿੰਘ, ਮੋਹਨ ਭਗਤ, ਰਕੇਸ਼ ਕੁਮਾਰ, ਕਰਮਜੀਤ ਸਿੰਘ, ਰਾਜੇਸ਼ ਕੁਮਾਰ, ਸਤਿਨਾਮ ਸਿੰਘ, ਬਲਵਿੰਦਰ ਸਿੰਘ ਅਤੇ ਦਿਲਬਾਗ ਸਿੰਘ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ।







