ਪੰਜਾਬ ਦੇ ਇਸ ਪਿੰਡ ”ਚ ਅਚਾਨਕ ਫੈਲੀ ਦਹਿਸ਼ਤ, ਮਿਲੀ ਬੰਬ ਵਰਗੀ ਚੀਜ਼

ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਰਾਏਪੁਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਦੇ ਨਜ਼ਦੀਕੀ ਖੇਤਾਂ ਵਿੱਚੋਂ ਇੱਕ ਸ਼ੱਕੀ ਧਾਤੂ ਵਸਤੂ ਮਿਲੀ, ਜੋ ਪਹਿਲੀ ਨਜ਼ਰ ਵਿੱਚ ਬੰਬ ਜਾਂ ਪੁਰਾਣੇ ਰਾਕੇਟ ਲਾਂਚਰ ਵਰਗੀ ਲੱਗ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਖੇਤਾਂ ਵਿੱਚ ਸਫਾਈ ਦਾ ਕੰਮ ਕਰ ਰਹੇ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਜ਼ਮੀਨ ਵਿੱਚ ਦੱਬੀ ਹੋਈ ਇੱਕ ਲੋਹੇ ਦੀ ਵਸਤੂ ਦੇਖੀ। ਉਨ੍ਹਾਂ ਨੇ ਤੁਰੰਤ ਖੇਤ ਦੇ ਮਾਲਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਮਾਲਕ ਮੌਕੇ ‘ਤੇ ਪਹੁੰਚਿਆ ਤਾਂ ਉਸ ਨੂੰ ਵੀ ਵਸਤੂ ਸ਼ੱਕੀ ਲੱਗੀ, ਜਿਸ ਤੋਂ ਬਾਅਦ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।

ਸੂਚਨਾ ਮਿਲਣ ਉਪਰੰਤ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਣਕਾਰੀ ਮੁਤਾਬਕ ਇਹ ਵਸਤੂ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਵਰਤੇ ਗਏ ਕਿਸੇ ਪੁਰਾਣੇ ਰਾਕੇਟ ਲਾਂਚਰ ਜਾਂ ਵਿਸਫੋਟਕ ਹਿੱਸੇ ਵਰਗੀ ਜਾਪਦੀ ਹੈ। ਹਾਲਾਂਕਿ ਅਧਿਕਾਰਕ ਤੌਰ ‘ਤੇ ਅਜੇ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ।

ਪੁਲਸ ਦਾ ਕਹਿਣਾ ਹੈ ਕਿ ਇਸ ਵਸਤੂ ਦੀ ਅਸਲ ਪਛਾਣ ਫੌਜ ਦੇ ਮਾਹਿਰਾਂ ਅਤੇ ਬੰਬ ਨਿਰੋਧਕ ਟੀਮ ਦੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ। ਇਸ ਦੌਰਾਨ ਪਿੰਡ ਦੇ ਸਰਪੰਚ ਨੇ ਵੀ ਦੱਸਿਆ ਕਿ ਖੇਤਾਂ ਦੀ ਸਫਾਈ ਦੌਰਾਨ ਜ਼ਮੀਨ ਵਿੱਚੋਂ ਇਹ ਸ਼ੱਕੀ ਵਸਤੂ ਮਿਲੀ ਸੀ, ਜਿਸ ਤੋਂ ਬਾਅਦ ਬਿਨਾਂ ਦੇਰੀ ਕੀਤੇ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ।

ਫਿਲਹਾਲ ਪੁਲਸ ਅਤੇ ਹੋਰ ਸਬੰਧਤ ਏਜੰਸੀਆਂ ਮੌਕੇ ‘ਤੇ ਮੌਜੂਦ ਹਨ ਅਤੇ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀਆਂ ਹਨ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਇਹ ਅਸਲ ਵਿੱਚ ਬੰਬ ਹੈ, ਪੁਰਾਣਾ ਰਾਕੇਟ ਲਾਂਚਰ ਹੈ ਜਾਂ ਕੋਈ ਹੋਰ ਧਾਤੂ ਵਸਤੂ।