113 Challans: ਵਾਰ-ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ, 10.68 ਲੱਖ ਦੇ ਜੁਰਮਾਨੇ ਮਗਰੋਂ ਬਾਈਕ ਜ਼ਬਤ

Traffic Challan: 113 ਚਲਾਨਾਂ ਦਾ 10.68 ਲੱਖ ਜੁਰਮਾਨਾ, ਗੁਰੂਗ੍ਰਾਮ ਪੁਲੀਸ ਨੇ ਮੋਟਰਸਾਈਕਲ ਕੀਤਾ ਜ਼ਬਤ

ਗੁਰੂਗ੍ਰਾਮ: ਗੁਰੂਗ੍ਰਾਮ ਟ੍ਰੈਫਿਕ ਪੁਲੀਸ ਨੇ ਇੱਕ ਅਜਿਹਾ ਮੋਟਰਸਾਈਕਲ ਜ਼ਬਤ ਕੀਤਾ ਹੈ, ਜਿਸ ਦੇ ਖ਼ਿਲਾਫ਼ 113 ਬਕਾਇਆ ਟ੍ਰੈਫਿਕ ਚਲਾਨ ਦਰਜ ਸਨ। ਇਨ੍ਹਾਂ ਸਾਰੇ ਚਲਾਨਾਂ ਦਾ ਕੁੱਲ ਜੁਰਮਾਨਾ 10 ਲੱਖ 68 ਹਜ਼ਾਰ 500 ਰੁਪਏ ਬਣਦਾ ਹੈ। ਪੁਲੀਸ ਟੀਮ ਨੇ ਬੁੱਧਵਾਰ ਨੂੰ ਐੱਮ.ਡੀ.ਆਈ. ਚੌਕ ਵਿਖੇ ਵਾਹਨਾਂ ਦੀ ਚੈਕਿੰਗ ਦੌਰਾਨ ਇਹ ਕਾਰਵਾਈ ਕੀਤੀ।

ਟ੍ਰੈਫਿਕ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ, 90 ਦਿਨਾਂ ਤੋਂ ਵੱਧ ਸਮੇਂ ਤੋਂ ਬਕਾਇਆ ਟ੍ਰੈਫਿਕ ਚਲਾਨਾਂ ਦਾ ਭੁਗਤਾਨ ਨਾ ਕਰਨ ਵਾਲੇ ਵਾਹਨ ਮਾਲਕਾਂ ਖ਼ਿਲਾਫ਼ ਮੋਟਰ ਵਹੀਕਲ ਐਕਟ, 1988 ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਰਾਹੀਂ ਲੋਕਾਂ ਨੂੰ ਬਕਾਇਆ ਚਲਾਨਾਂ ਦੀ ਜਾਣਕਾਰੀ ਦੇਣ ਅਤੇ ਸਮੇਂ ਸਿਰ ਉਨ੍ਹਾਂ ਦਾ ਭੁਗਤਾਨ ਕਰਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

ਪੁਲੀਸ ਮੁਤਾਬਕ ਐੱਮ.ਡੀ.ਆਈ. ਚੌਕ ’ਤੇ ਤਾਇਨਾਤ ਜ਼ੋਨਲ ਅਧਿਕਾਰੀ ਏਐੱਸਆਈ ਪ੍ਰਵੀਨ ਕੁਮਾਰ ਆਪਣੀ ਟੀਮ ਨਾਲ ਰੁਟੀਨ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਇੱਕ ਮੋਟਰਸਾਈਕਲ ਨੂੰ ਰੋਕ ਕੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ, ਪਰ ਸਵਾਰ ਵੱਲੋਂ ਲੋੜੀਂਦੇ ਵਾਹਨ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾ ਸਕੇ।

ਜਦੋਂ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਮੋਟਰਸਾਈਕਲ ਨਾਲ ਸਬੰਧਤ 113 ਬਕਾਇਆ ਚਲਾਨ ਸਾਹਮਣੇ ਆਏ। ਪੁਲੀਸ ਅਨੁਸਾਰ ਇਨ੍ਹਾਂ ਦਾ ਕੁੱਲ ਜੁਰਮਾਨਾ 10,68,500 ਰੁਪਏ ਸੀ। ਜ਼ਿਆਦਾਤਰ ਚਲਾਨ ਬਿਨਾਂ ਹੈਲਮਟ ਯਾਤਰਾ ਕਰਨ, ਵੈਧ ਪੀਯੂਸੀ ਸਰਟੀਫਿਕੇਟ ਨਾ ਹੋਣ, ਬਿਨਾਂ ਬੀਮੇ ਅਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾਲ ਸਬੰਧਤ ਸਨ।

ਪੁਲੀਸ ਨੇ ਦੱਸਿਆ ਕਿ ਬਕਾਇਆ ਚਲਾਨਾਂ ਦੇ ਚਲਦਿਆਂ ਮੋਟਰਸਾਈਕਲ ਨੂੰ ਕਾਨੂੰਨ ਅਨੁਸਾਰ ਜ਼ਬਤ ਕਰਕੇ ਨਿਰਧਾਰਤ ਇੰਪਾਊਂਡ ਯਾਰਡ ਵਿੱਚ ਖੜ੍ਹਾ ਕਰ ਦਿੱਤਾ ਗਿਆ ਹੈ।

ਗੁਰੂਗ੍ਰਾਮ ਟ੍ਰੈਫਿਕ ਪੁਲੀਸ ਦੇ ਬੁਲਾਰੇ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੇ ਵਾਹਨਾਂ ਦੇ ਜ਼ਰੂਰੀ ਦਸਤਾਵੇਜ਼, ਖ਼ਾਸ ਕਰਕੇ ਵੈਧ ਬੀਮਾ ਅਤੇ ਪੀਯੂਸੀ ਸਰਟੀਫਿਕੇਟ, ਅਪਡੇਟ ਰੱਖਣ। ਬੁਲਾਰੇ ਨੇ ਬਕਾਇਆ ਚਲਾਨਾਂ ਦਾ ਸਮੇਂ ਸਿਰ ਭੁਗਤਾਨ ਕਰਨ ਦੀ ਵੀ ਅਪੀਲ ਕੀਤੀ।