ਸਮਾਣਾ ’ਚ ਭਾਜਪਾ ਦੀ ਟਿਕਟ ਲਈ ਦਾਅਵੇਦਾਰਾਂ ਦੀ ਭੀੜ, ਵੱਖ-ਵੱਖ ਥਾਵਾਂ ’ਤੇ ਲੱਗੇ ‘ਮੁੱਖ ਦਫ਼ਤਰ’ ਦੇ ਬੋਰਡ
ਸਮਾਣਾ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ਪਾਰਟੀ ਦੇ ਮੁੱਖ ਦਫ਼ਤਰ ਦੀ ਪਛਾਣ ਨੂੰ ਲੈ ਕੇ ਨਵੀਂ ਚਰਚਾ ਛਿੜ ਗਈ ਹੈ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ‘ਭਾਜਪਾ ਮੁੱਖ ਦਫ਼ਤਰ ਸਮਾਣਾ’ ਦੇ ਬੋਰਡ ਲੱਗਣ ਕਾਰਨ ਲੋਕਾਂ ਵਿੱਚ ਇਹ ਸਵਾਲ ਉੱਠਣ ਲੱਗਾ ਹੈ ਕਿ ਪਾਰਟੀ ਦਾ ਅਸਲ ਮੁੱਖ ਦਫ਼ਤਰ ਕਿਹੜਾ ਹੈ। ਦਰਅਸਲ, ਵਿਧਾਨ ਸਭਾ ਚੋਣਾਂ ਲਈ ਟਿਕਟ ਦੇ ਦਾਅਵੇਦਾਰ ਆਪਣੇ-ਆਪਣੇ ਦਫ਼ਤਰਾਂ ਨੂੰ ਪਾਰਟੀ ਦਾ ਮੁੱਖ ਦਫ਼ਤਰ ਦੱਸ ਰਹੇ ਹਨ। ਹਾਲਾਂਕਿ ਪਾਰਟੀ ਦੇ ਮੰਡਲ ਅਤੇ ਜ਼ਿਲ੍ਹਾ ਪ੍ਰਧਾਨ ਇਸ ਮਾਮਲੇ ਨੂੰ ਕੋਈ ਵੱਡਾ ਮੁੱਦਾ ਨਹੀਂ ਮੰਨ ਰਹੇ।
ਆਪਣੇ ਦਫ਼ਤਰ ਦੇ ਬਾਹਰ ‘ਭਾਜਪਾ ਮੁੱਖ ਦਫ਼ਤਰ ਸਮਾਣਾ’ ਦਾ ਬੋਰਡ ਲਗਾਉਣ ਵਾਲੇ ਟਿਕਟ ਦੇ ਦਾਅਵੇਦਾਰ ਸੁਰਿੰਦਰ ਸਿੰਘ ਖੇੜਕੀ ਨੇ ਕਿਹਾ ਕਿ ਉਹ ਭਾਜਪਾ ਦੇ ਹਲਕਾ ਇੰਚਾਰਜ ਹਨ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵੀ ਲੜ ਚੁੱਕੇ ਹਨ। ਉਨ੍ਹਾਂ ਮੁਤਾਬਕ ਹਲਕਾ ਇੰਚਾਰਜ ਹੋਣ ਦੇ ਨਾਤੇ ਉਨ੍ਹਾਂ ਦਾ ਦਫ਼ਤਰ ਹੀ ਸਮਾਣਾ ਵਿੱਚ ਭਾਜਪਾ ਦਾ ਮੁੱਖ ਦਫ਼ਤਰ ਹੈ।
ਦੂਜੇ ਪਾਸੇ, ਕੁਝ ਸਮਾਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਵੀ ਆਪਣੇ ਦਫ਼ਤਰ ਦੇ ਬਾਹਰ ‘ਭਾਰਤੀ ਜਨਤਾ ਪਾਰਟੀ ਸਮਾਣਾ ਮੁੱਖ ਦਫ਼ਤਰ’ ਦਾ ਬੋਰਡ ਲਗਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਲਕੇ ਦੇ ਮੌਜੂਦਾ ਵਿਧਾਇਕ ਹਨ ਅਤੇ ਜਦੋਂ ਉਹ ਆਮ ਆਦਮੀ ਪਾਰਟੀ ਵਿੱਚ ਸਨ, ਉਦੋਂ ਵੀ ਇਹ ਦਫ਼ਤਰ ਪਾਰਟੀ ਦੇ ਮੁੱਖ ਦਫ਼ਤਰ ਵਜੋਂ ਕੰਮ ਕਰਦਾ ਸੀ। ਹੁਣ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ ਇਹੀ ਦਫ਼ਤਰ ਮੁੱਖ ਦਫ਼ਤਰ ਹੈ।
ਇਸ ਮਾਮਲੇ ਸਬੰਧੀ ਭਾਜਪਾ ਦੇ ਮੰਡਲ ਪ੍ਰਧਾਨ ਜਤਿੰਦਰ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਨੇ ਕਿਹਾ ਕਿ ਆਮ ਤੌਰ ’ਤੇ ਜਿੱਥੇ ਬਲਾਕ ਪ੍ਰਧਾਨ ਬੈਠਦਾ ਹੈ, ਉਹੀ ਪਾਰਟੀ ਦਾ ਮੁੱਖ ਦਫ਼ਤਰ ਹੋਣਾ ਚਾਹੀਦਾ ਹੈ। ਪਰ ਚੋਣਾਂ ਦੇ ਮੱਦੇਨਜ਼ਰ ਟਿਕਟ ਦੇ ਦਾਅਵੇਦਾਰਾਂ ਨੇ ਆਪਣੇ-ਆਪਣੇ ਦਫ਼ਤਰਾਂ ਦੇ ਬਾਹਰ ਮੁੱਖ ਦਫ਼ਤਰ ਦੇ ਬੋਰਡ ਲਗਾ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਪਾਰਟੀ ਲਈ ਇਹ ਖ਼ੁਸ਼ੀ ਦੀ ਗੱਲ ਹੈ ਕਿ ਜਿੱਥੇ ਪਹਿਲਾਂ ਚੋਣ ਲੜਨ ਲਈ ਉਮੀਦਵਾਰ ਨਹੀਂ ਮਿਲਦਾ ਸੀ, ਉੱਥੇ ਹੁਣ ਚਾਰ-ਚਾਰ ਦਾਅਵੇਦਾਰ ਸਾਹਮਣੇ ਆ ਰਹੇ ਹਨ। ਉਨ੍ਹਾਂ ਮੁਤਾਬਕ ਦਫ਼ਤਰਾਂ ਦੇ ਬਾਹਰ ਬੋਰਡ ਲਗਾਉਣ ਨਾਲ ਕੋਈ ਵੱਡਾ ਫ਼ਰਕ ਨਹੀਂ ਪੈਂਦਾ ਅਤੇ ਪਾਰਟੀ ਨੂੰ ਇਸ ’ਤੇ ਕੋਈ ਖ਼ਾਸ ਇਤਰਾਜ਼ ਨਹੀਂ ਹੈ।
ਫ਼ਿਲਹਾਲ ਸਮਾਣਾ ਵਿੱਚ ਭਾਜਪਾ ਦੀ ਟਿਕਟ ਲਈ ਦਾਅਵੇਦਾਰੀ ਦੇ ਨਾਲ-ਨਾਲ ਪਾਰਟੀ ਦੇ ਮੁੱਖ ਦਫ਼ਤਰ ਦੀ ਪਛਾਣ ਵੀ ਸਿਆਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ਼ਹਿਰ ਵਿੱਚ ਕਈ ਮੁੱਖ ਦਫ਼ਤਰਾਂ ਦੇ ਬੋਰਡ ਲੱਗਣ ਤੋਂ ਬਾਅਦ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਪਾਰਟੀ ਦੀ ਹਲਕੇ ਵਿੱਚ ਅਧਿਕਾਰਤ ਅਗਵਾਈ ਕਿਸ ਦੇ ਹੱਥ ਵਿੱਚ ਹੈ।








