ਸਪੇਨ ’ਚ ਕਤਲ ਹੋਏ ਬਿਆਸ ਦੇ ਮਨਪ੍ਰੀਤ ਸਿੰਘ ਦੀ ਦੇਹ 22 ਦਿਨਾਂ ਤੋਂ ਵਿਦੇਸ਼ ’ਚ ਫਸੀ, ਪਰਿਵਾਰ ਨੇ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ
ਸਪੇਨ ਵਿੱਚ ਕਤਲ ਕੀਤੇ ਗਏ ਬਿਆਸ ਦੇ ਨੌਜਵਾਨ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ 22 ਦਿਨ ਬੀਤਣ ਦੇ ਬਾਵਜੂਦ ਭਾਰਤ ਨਹੀਂ ਪਹੁੰਚ ਸਕੀ। ਇਸ ਕਾਰਨ ਪਰਿਵਾਰ ਡੂੰਘੇ ਦੁੱਖ ਅਤੇ ਬੇਬਸੀ ਵਿੱਚ ਹੈ। ਪਰਿਵਾਰ ਦਾ ਦਾਅਵਾ ਹੈ ਕਿ ਸਪੈਨਿਸ਼ ਅਧਿਕਾਰੀਆਂ ਵੱਲੋਂ ਮੰਗੇ ਗਏ ਸਾਰੇ ਲੋੜੀਂਦੇ ਦਸਤਾਵੇਜ਼ ਅਤੇ ਹੋਰ ਕਾਰਵਾਈਆਂ ਮੁਕੰਮਲ ਕਰਕੇ ਭੇਜ ਦਿੱਤੀਆਂ ਗਈਆਂ ਹਨ, ਪਰ ਇਸ ਦੇ ਬਾਵਜੂਦ ਮਨਪ੍ਰੀਤ ਦੀ ਦੇਹ ਵਤਨ ਵਾਪਸ ਨਹੀਂ ਭੇਜੀ ਜਾ ਰਹੀ।
ਜਾਣਕਾਰੀ ਅਨੁਸਾਰ, ਬੀਤੀ 31 ਅਕਤੂਬਰ ਨੂੰ ਸਪੇਨ ਵਿੱਚ ਆਪਣੇ ਨਾਲ ਰਹਿੰਦੇ ਕੁਝ ਭਾਰਤੀ ਨੌਜਵਾਨਾਂ ਨਾਲ ਹੋਏ ਝਗੜੇ ਦੌਰਾਨ ਮਨਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਤਿੰਨ ਭੈਣਾਂ ਦਾ ਇਕਲੌਤਾ ਭਰਾ ਮਨਪ੍ਰੀਤ ਕਰੀਬ ਛੇ ਸਾਲ ਪਹਿਲਾਂ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਅਤੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਸਪੇਨ ਗਿਆ ਸੀ। ਉੱਥੇ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ।
ਪਰਿਵਾਰਕ ਮੈਂਬਰਾਂ ਮੁਤਾਬਕ ਮਨਪ੍ਰੀਤ ਸਪੇਨ ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਦੁਸਾਂਝਾਂ ਦੇ ਇੱਕ ਨੌਜਵਾਨ ਨਾਲ ਰਹਿ ਰਿਹਾ ਸੀ। ਮ੍ਰਿਤਕ ਦੀ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਉੱਥੇ ਕੁਝ ਨੌਜਵਾਨਾਂ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਨੇ ਬਾਅਦ ਵਿੱਚ ਹਿੰਸਕ ਰੂਪ ਧਾਰ ਲਿਆ। ਇਸ ਘਟਨਾ ਦੌਰਾਨ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ, ਜਦੋਂਕਿ ਗੰਭੀਰ ਸੱਟਾਂ ਲੱਗਣ ਕਾਰਨ ਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਗੁਰਮੀਤ ਕੌਰ ਅਨੁਸਾਰ, ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਪੇਨ ਦੇ ਅਧਿਕਾਰੀਆਂ ਵੱਲੋਂ ਮੰਗੇ ਗਏ ਸਾਰੇ ਦਸਤਾਵੇਜ਼ ਅਤੇ ਦਸਤਖ਼ਤ ਭੇਜੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਸਪੈਨਿਸ਼ ਅਧਿਕਾਰੀਆਂ ਵੱਲੋਂ ਕਥਿਤ ਤੌਰ ’ਤੇ ਤਕਨੀਕੀ ਕਾਰਨਾਂ ਦਾ ਹਵਾਲਾ ਦੇ ਕੇ ਦਸਤਾਵੇਜ਼ ਸਵੀਕਾਰ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੱਸਿਆ ਕਿ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਮਨਪ੍ਰੀਤ ਨਾਲ ਫ਼ੋਨ ’ਤੇ ਗੱਲ ਹੋਈ ਸੀ। ਉਸ ਨੇ ਜਲਦੀ ਘਰ ਪਰਤਣ ਦੀ ਯੋਜਨਾ ਵੀ ਸਾਂਝੀ ਕੀਤੀ ਸੀ, ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਉਹ ਮੁੜ ਕਦੇ ਘਰ ਨਹੀਂ ਪਰਤੇਗਾ।
ਪਰਿਵਾਰ ਪਿਛਲੇ 22 ਦਿਨਾਂ ਤੋਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ। ਪੀੜਤ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਮਨਪ੍ਰੀਤ ਦੀ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਲੋੜੀਂਦੀ ਮਦਦ ਕੀਤੀ ਜਾਵੇ। ਇਸ ਦੇ ਨਾਲ ਹੀ ਪਰਿਵਾਰ ਨੇ ਕਤਲ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਆਰਥਿਕ ਸਹਾਇਤਾ ਦੀ ਮੰਗ ਵੀ ਕੀਤੀ ਹੈ।
ਗੁਰਮੀਤ ਕੌਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਕਰੀਬ 12 ਸਾਲ ਪਹਿਲਾਂ ਉਨ੍ਹਾਂ ਦੇ ਪਤੀ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਮਨਪ੍ਰੀਤ ਦੇ ਮੋਢਿਆਂ ’ਤੇ ਆ ਗਈ ਸੀ। ਉਨ੍ਹਾਂ ਦੱਸਿਆ ਕਿ ਛੇ ਸਾਲ ਪਹਿਲਾਂ ਆਪਣਾ ਘਰ ਵੇਚ ਕੇ ਅਤੇ ਕਰਜ਼ਾ ਚੁੱਕ ਕੇ ਮਨਪ੍ਰੀਤ ਨੂੰ ਵਿਦੇਸ਼ ਭੇਜਿਆ ਸੀ, ਤਾਂ ਜੋ ਉਹ ਪਰਿਵਾਰ ਦੀ ਆਰਥਿਕ ਹਾਲਤ ਸੁਧਾਰ ਸਕੇ। ਪਰ ਹੁਣ ਪੁੱਤਰ ਦੀ ਮੌਤ ਨਾਲ ਪਰਿਵਾਰ ਨੇ ਆਪਣਾ ਇਕਲੌਤਾ ਕਮਾਊ ਜੀਅ ਵੀ ਗੁਆ ਦਿੱਤਾ ਹੈ।








