ਮੈਡ ਸੰਧੂ ਕਤਲ ਕਾਂਡ ’ਚ ਲੋੜੀਂਦੇ ਮੁਲਜ਼ਮ ਸਮੇਤ ਦੋ ਸ਼ੂਟਰ ਗ੍ਰਿਫ਼ਤਾਰ, ਬੌਲੀਵੁੱਡ ਅਦਾਕਾਰ ’ਤੇ ਹਮਲੇ ਦੀ ਸਾਜ਼ਿਸ਼ ਦਾ ਖੁਲਾਸਾ
ਨਵੀਂ ਦਿੱਲੀ: ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਅਨਿਲ ਪੰਡਿਤ ਅਤੇ ਰਣਦੀਪ ਮਲਿਕ ਦੇ ਗਿਰੋਹ ਨਾਲ ਸਬੰਧਤ ਦੋ ਕਥਿਤ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਪੰਜਾਬ ਦੇ ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦੇ ਕਤਲ ਮਾਮਲੇ ਵਿੱਚ ਲੋੜੀਂਦਾ ਸੀ। ਪੁਲੀਸ ਅਨੁਸਾਰ ਦੋਵੇਂ ਮੁਲਜ਼ਮ ਦਿੱਲੀ ਵਿੱਚ ਇੱਕ ਕਾਰੋਬਾਰੀ ਨੂੰ ਫਿਰੌਤੀ ਲਈ ਨਿਸ਼ਾਨਾ ਬਣਾਉਣ ਅਤੇ ਮੁੰਬਈ ਵਿੱਚ ਇੱਕ ਬੌਲੀਵੁੱਡ ਅਦਾਕਾਰ ਉੱਤੇ ਹਮਲਾ ਕਰਨ ਦੀਆਂ ਯੋਜਨਾਵਾਂ ਨਾਲ ਜੁੜੇ ਹੋਏ ਸਨ।
ਸ਼ਨਿੱਚਰਵਾਰ ਨੂੰ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ 25 ਸਾਲਾ ਵਿਕਾਸ ਠਾਕੁਰ ਉਰਫ਼ ਵਿੱਕੀ ਅਤੇ ਦੀਪ ਉਰਫ਼ ਦੀਪਕ ਸਿੰਘ ਵਜੋਂ ਹੋਈ ਹੈ। ਵਿਕਾਸ ਨੂੰ ਦਿੱਲੀ ਤੋਂ ਉਸ ਸਮੇਂ ਕਾਬੂ ਕੀਤਾ ਗਿਆ, ਜਦੋਂ ਉਹ ਕਥਿਤ ਤੌਰ ’ਤੇ ਵਿਦੇਸ਼ ਵਿੱਚ ਬੈਠੇ ਇੱਕ ਗੈਂਗਸਟਰ ਦੇ ਇਸ਼ਾਰੇ ’ਤੇ ਸਥਾਨਕ ਕਾਰੋਬਾਰੀ ਉੱਤੇ ਗੋਲੀਬਾਰੀ ਕਰਨ ਦੀ ਤਿਆਰੀ ਕਰ ਰਿਹਾ ਸੀ।
ਵਿਕਾਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਨੇ ਉਸ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਉਸ ਦੇ ਸਾਥੀ ਦੀਪਕ ਸਿੰਘ ਦੀ ਭਾਲ ਸ਼ੁਰੂ ਕੀਤੀ। ਤਕਨੀਕੀ ਜਾਂਚ ਅਤੇ ਹੋਰ ਸੁਰਾਗਾਂ ਦੀ ਮਦਦ ਨਾਲ ਸਪੈਸ਼ਲ ਸੈੱਲ ਦੀ ਟੀਮ ਨੇ ਉਸ ਦਾ ਪਤਾ ਮੁੰਬਈ ਵਿੱਚ ਲਗਾਇਆ ਅਤੇ ਉੱਥੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਮੁਤਾਬਕ ਦੀਪ ਅੰਮ੍ਰਿਤਸਰ ਦੇ ਮੈਡ ਸੰਧੂ ਕਤਲ ਕਾਂਡ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਬਚਣ ਲਈ ਮੁੰਬਈ ਵਿੱਚ ਲੁਕਿਆ ਹੋਇਆ ਸੀ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੀਪ ਨੂੰ ਮੁੰਬਈ ਵਿੱਚ ਇੱਕ ਬੌਲੀਵੁੱਡ ਅਦਾਕਾਰ ਉੱਤੇ ਗੋਲੀਬਾਰੀ ਕਰਨ ਦੀ ਕਥਿਤ ਜ਼ਿੰਮੇਵਾਰੀ ਦਿੱਤੀ ਗਈ ਸੀ। ਪੁਲੀਸ ਅਨੁਸਾਰ ਸਬੰਧਤ ਅਦਾਕਾਰ ਵੱਲੋਂ ਸਾਲ 1984 ਦੀਆਂ ਘਟਨਾਵਾਂ ਬਾਰੇ ਕੀਤੀਆਂ ਗਈਆਂ ਕਥਿਤ ਸਿੱਖ ਵਿਰੋਧੀ ਟਿੱਪਣੀਆਂ ਕਾਰਨ ਉਸ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਸੀ। ਵਿਦੇਸ਼ ਵਿੱਚ ਬੈਠੇ ਗੈਂਗਸਟਰ ਨੇ ਕਥਿਤ ਤੌਰ ’ਤੇ ਦੀਪ ਨੂੰ ਹਮਲਾ ਕਰਨ ਦੇ ਨਿਰਦੇਸ਼ ਮਿਲਣ ਤੱਕ ਮੁੰਬਈ ਵਿੱਚ ਹੀ ਲੁਕੇ ਰਹਿਣ ਲਈ ਕਿਹਾ ਸੀ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਵਿਕਾਸ ਮੁੰਬਈ ਤੋਂ ਦਿੱਲੀ ਇਸ ਮਕਸਦ ਨਾਲ ਪਹੁੰਚਿਆ ਸੀ ਕਿ ਉਹ ਫਿਰੌਤੀ ਨਾਲ ਸਬੰਧਤ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦੇ ਸਕੇ। ਇਸ ਕਾਰਵਾਈ ਵਿੱਚ ਬਾਅਦ ਵਿੱਚ ਦੀਪ ਨੇ ਵੀ ਉਸ ਦਾ ਸਾਥ ਦੇਣਾ ਸੀ। ਹਾਲਾਂਕਿ ਪੁਲੀਸ ਨੇ ਦਾਅਵਾ ਕੀਤਾ ਕਿ ਕਿਸੇ ਵੀ ਯੋਜਨਾਬੱਧ ਹਮਲੇ ਨੂੰ ਅੰਜਾਮ ਦਿੱਤੇ ਜਾਣ ਤੋਂ ਪਹਿਲਾਂ ਹੀ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ਵਿੱਚ 3 ਨਵੰਬਰ ਨੂੰ ਸਪੈਸ਼ਲ ਸੈੱਲ ਥਾਣੇ ਵਿੱਚ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਜਾਂਚ ਏਜੰਸੀ ਮੁਤਾਬਕ ਵਿਕਾਸ ਠਾਕੁਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਉਸ ਦਾ ਜਨਮ ਸਾਲ 2001 ਵਿੱਚ ਇੱਕ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰ ਵਿੱਚ ਹੋਇਆ ਸੀ। ਪੁਲੀਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੜ੍ਹਾਈ ਦੌਰਾਨ ਉਹ ਚੰਗਾ ਵਿਦਿਆਰਥੀ ਸੀ, ਪਰ ਬਾਅਦ ਵਿੱਚ ਗਲਤ ਸੰਗਤ ਵਿੱਚ ਪੈਣ ਕਾਰਨ ਅਪਰਾਧਿਕ ਗਤੀਵਿਧੀਆਂ ਵੱਲ ਵਧ ਗਿਆ।
ਪੁਲੀਸ ਅਨੁਸਾਰ ਵਿਕਾਸ ਨੇ ਸਾਲ 2023 ਵਿੱਚ ਕਥਿਤ ਤੌਰ ’ਤੇ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਗੈਰ-ਕਾਨੂੰਨੀ ਹਥਿਆਰ ਮੁਹੱਈਆ ਕਰਵਾਉਣੇ ਸ਼ੁਰੂ ਕੀਤੇ ਸਨ। ਬਿਸ਼ਨੋਈ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹ ਗੈਂਗਸਟਰ ਅਨਿਲ ਪੰਡਿਤ ਅਤੇ ਰਣਦੀਪ ਮਲਿਕ ਦੇ ਸੰਪਰਕ ਵਿੱਚ ਆ ਗਿਆ। ਦੋਸ਼ ਹੈ ਕਿ ਉਹ ਇਨ੍ਹਾਂ ਗੈਂਗਸਟਰਾਂ ਲਈ ਨਵੇਂ ਮੈਂਬਰਾਂ ਦੀ ਭਰਤੀ, ਹਥਿਆਰਾਂ ਦੀ ਸਪਲਾਈ ਅਤੇ ਫਿਰੌਤੀ ਲਈ ਨਿਸ਼ਾਨਾ ਬਣਾਏ ਜਾਣ ਵਾਲੇ ਲੋਕਾਂ ਦੀ ਰੇਕੀ ਕਰਨ ਵਰਗੇ ਕੰਮ ਕਰਦਾ ਸੀ।
ਦੂਜੇ ਪਾਸੇ ਗ੍ਰਿਫ਼ਤਾਰ ਕੀਤਾ ਗਿਆ ਦੀਪ ਉਰਫ਼ ਦੀਪਕ ਸਿੰਘ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁਲੀਸ ਮੁਤਾਬਕ ਉਹ ਪਹਿਲਾਂ ਟਰੱਕ ਹੈਲਪਰ ਅਤੇ ਡਰਾਈਵਰ ਵਜੋਂ ਕੰਮ ਕਰਦਾ ਸੀ। ਇਸ ਦੌਰਾਨ ਇੱਕ ਸਥਾਨਕ ਗੈਂਗ ਮੈਂਬਰ ਰਾਹੀਂ ਉਸ ਦੀ ਜਾਣ-ਪਛਾਣ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨਾਲ ਹੋਈ, ਜਿਸ ਤੋਂ ਬਾਅਦ ਉਹ ਕਥਿਤ ਤੌਰ ’ਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ।
ਪੁਲੀਸ ਨੇ ਦੱਸਿਆ ਕਿ 3 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਉੱਤੇ ਹੋਏ ਜਾਨਲੇਵਾ ਹਮਲੇ ਵਿੱਚ ਵੀ ਦੀਪ ਦੀ ਕਥਿਤ ਭੂਮਿਕਾ ਸਾਹਮਣੇ ਆਈ ਹੈ। ਦੋਸ਼ ਹੈ ਕਿ ਉਸ ਨੇ ਆਪਣੇ ਸਾਥੀ ਪਲਵਿੰਦਰ ਉਰਫ਼ ਕਾਕਾ ਨਾਲ ਮਿਲ ਕੇ ਸੰਧੂ ਉੱਤੇ ਗੋਲੀਆਂ ਚਲਾਈਆਂ ਸਨ। ਇਸ ਹਮਲੇ ਵਿੱਚ ਮੈਡ ਸੰਧੂ ਦੀ ਮੌਤ ਹੋ ਗਈ ਸੀ।
ਘਟਨਾ ਤੋਂ ਬਾਅਦ ਪੰਜਾਬ ਪੁਲੀਸ ਨੇ ਪਲਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਦੀਪ ਫਰਾਰ ਹੋ ਗਿਆ ਸੀ। ਪੁਲੀਸ ਅਨੁਸਾਰ ਦੀਪ ਗ੍ਰਿਫ਼ਤਾਰੀ ਤੋਂ ਬਚਣ ਲਈ ਮੁੰਬਈ ਚਲਾ ਗਿਆ ਅਤੇ ਉੱਥੇ ਲੁਕ ਕੇ ਰਹਿਣ ਲੱਗਾ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨੇ ਉਸ ਨੂੰ ਮੁੰਬਈ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਸਨ, ਤਾਂ ਜੋ ਮੌਕਾ ਮਿਲਣ ’ਤੇ ਬੌਲੀਵੁੱਡ ਅਦਾਕਾਰ ਉੱਤੇ ਕਥਿਤ ਯੋਜਨਾਬੱਧ ਹਮਲੇ ਨੂੰ ਅੰਜਾਮ ਦਿੱਤਾ ਜਾ ਸਕੇ।
ਦਿੱਲੀ ਪੁਲੀਸ ਦਾ ਦਾਅਵਾ ਹੈ ਕਿ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਨਾ ਸਿਰਫ਼ ਫਿਰੌਤੀ ਲਈ ਹੋਣ ਵਾਲੀ ਸੰਭਾਵੀ ਗੋਲੀਬਾਰੀ ਨੂੰ ਰੋਕਿਆ ਗਿਆ ਹੈ, ਸਗੋਂ ਮੁੰਬਈ ਵਿੱਚ ਇੱਕ ਅਦਾਕਾਰ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਵੀ ਨਾਕਾਮ ਹੋਈ ਹੈ। ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਅਪਰਾਧਿਕ ਸੰਪਰਕਾਂ, ਹਥਿਆਰਾਂ ਦੀ ਸਪਲਾਈ ਅਤੇ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਂਚ ਜਾਰੀ ਹੈ।







