ਮਾਛੀਵਾੜਾ ਸਾਹਿਬ : ਭੂ-ਜਲ ਦੇ ਲਗਾਤਾਰ ਘਟ ਰਹੇ ਪੱਧਰ ਨੂੰ ਸੰਭਾਲਣ ਅਤੇ ਲੋਕਾਂ ਨੂੰ ਵਧੀਆ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮਾਛੀਵਾੜਾ ਸ਼ਹਿਰ ਵਿੱਚ ਨਹਿਰੀ ਪਾਣੀ ਸਪਲਾਈ ਕਰਨ ਦੀ ਮਹੱਤਵਪੂਰਨ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਪ੍ਰੋਜੈਕਟ ਲਈ ਨਗਰ ਕੌਂਸਲ ਮਾਛੀਵਾੜਾ ਵੱਲੋਂ ਬਲੀਬੇਗ ਬਸਤੀ ਵਿਖੇ ਕਰੀਬ ਸਾਢੇ ਛੇ ਏਕੜ ਜ਼ਮੀਨ ਮੁਹੱਈਆ ਕਰਵਾਈ ਗਈ ਹੈ।
ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਲਗਭਗ 29 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਸ਼ੁਰੂ ਹੋ ਚੁੱਕਾ ਹੈ। ਯੋਜਨਾ ਤਹਿਤ ਸਰਹਿੰਦ ਨਹਿਰ ਤੋਂ ਪਾਈਪਲਾਈਨ ਰਾਹੀਂ ਪਾਣੀ ਬਲੀਬੇਗ ਬਸਤੀ ਵਿੱਚ ਬਣ ਰਹੇ ਆਧੁਨਿਕ ਟ੍ਰੀਟਮੈਂਟ ਪਲਾਂਟ ਤੱਕ ਪਹੁੰਚਾਇਆ ਜਾਵੇਗਾ, ਜਿੱਥੇ ਇਸ ਦੀ ਸ਼ੁੱਧਤਾ ਯਕੀਨੀ ਬਣਾਉਣ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਪਾਣੀ ਦੀ ਵੰਡ ਲਈ ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਪਾਈਪਲਾਈਨ ਵਿਛਾਉਣ ਦਾ ਕੰਮ ਪਹਿਲਾਂ ਹੀ ਪੂਰਾ ਕੀਤਾ ਜਾ ਚੁੱਕਾ ਹੈ। ਇਹ ਸਾਰਾ ਪ੍ਰੋਜੈਕਟ ਅਗਲੇ 18 ਮਹੀਨਿਆਂ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ।
ਮੋਹਿਤ ਕੁੰਦਰਾ ਨੇ ਕਿਹਾ ਕਿ ਹਿਮਾਲਿਆਈ ਖੇਤਰਾਂ ਤੋਂ ਆਉਣ ਵਾਲਾ ਪਾਣੀ ਭਾਖੜਾ ਡੈਮ ਰਾਹੀਂ ਸਰਹਿੰਦ ਨਹਿਰ ਵਿੱਚ ਪਹੁੰਚਦਾ ਹੈ। ਇਸ ਪਾਣੀ ਵਿੱਚ ਟੀ.ਡੀ.ਐੱਸ. ਦੀ ਮਾਤਰਾ ਘੱਟ ਹੋਣ ਕਾਰਨ ਇਹ ਗੁਣਵੱਤਾ ਪੱਖੋਂ ਬਿਹਤਰ ਮੰਨਿਆ ਜਾਂਦਾ ਹੈ। ਟ੍ਰੀਟਮੈਂਟ ਤੋਂ ਬਾਅਦ ਇਹ ਪਾਣੀ ਸ਼ਹਿਰ ਵਾਸੀਆਂ ਨੂੰ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਸਿਹਤਮੰਦ ਅਤੇ ਸਾਫ਼ ਪੀਣਯੋਗ ਪਾਣੀ ਮਿਲ ਸਕੇਗਾ।







