ਭਾਰਤ-ਅਮਰੀਕਾ ਦੋਸਤੀ ਨੂੰ ਸਲਾਮ, ਤਿਰੰਗੇ ਦੇ ਰੰਗਾਂ ’ਚ ਰੌਸ਼ਨ ਹੋਈ ਐਂਪਾਇਰ ਸਟੇਟ ਬਿਲਡਿੰਗ

ਅਮਰੀਕਾ ’ਚ ਭਾਰਤ ਦੇ ਆਜ਼ਾਦੀ ਦਿਹਾੜੇ ਦਾ ਸ਼ਾਨਦਾਰ ਜਸ਼ਨ, 1300 ਤੋਂ ਵੱਧ ਝੰਡਿਆਂ ਨਾਲ ਬਣਿਆ ਵਿਸ਼ਵ ਰਿਕਾਰਡ

ਅਮਰੀਕਾ ਦੇ ਨਿਊਯਾਰਕ ਵਿੱਚ ਭਾਰਤ ਦੇ 80ਵੇਂ ਆਜ਼ਾਦੀ ਦਿਵਸ ਨਾਲ ਜੁੜੇ ਸਮਾਗਮਾਂ ਦਾ ਸਮਾਪਨ ਇੱਕ ਵਿਸ਼ੇਸ਼ ਵਿਸ਼ਵ ਰਿਕਾਰਡ ਨਾਲ ਹੋਇਆ। ਅਮਰੀਕਾ ਦੀ ਸਥਾਪਨਾ ਦੇ 250 ਸਾਲ ਪੂਰੇ ਹੋਣ ਦੇ ਮੌਕੇ ’ਤੇ 1,300 ਤੋਂ ਵੱਧ ਅਮਰੀਕੀ ਝੰਡਿਆਂ ਦੀ ਵਰਤੋਂ ਕਰਕੇ ‘250’ ਦੀ ਵਿਸ਼ਾਲ ਆਕ੍ਰਿਤੀ ਤਿਆਰ ਕੀਤੀ ਗਈ। ਇਸ ਦੇ ਆਲੇ-ਦੁਆਲੇ ਭਾਰਤੀ ਤਿਰੰਗੇ ਲਗਾ ਕੇ ਦੋਵੇਂ ਦੇਸ਼ਾਂ ਦੀ ਦੋਸਤੀ ਅਤੇ ਸਾਂਝੇ ਜਸ਼ਨ ਨੂੰ ਦਰਸਾਇਆ ਗਿਆ।

ਨਿਊਜਰਸੀ ਦੇ ਪਾਰਸਿਪਨੀ ਸਥਿਤ ਵੈਟਰਨਜ਼ ਮੈਮੋਰੀਅਲ ਪਾਰਕ ਵਿੱਚ ਝੰਡਿਆਂ ਦੇ ਡੰਡਿਆਂ ਨਾਲ ਸਭ ਤੋਂ ਵੱਡੀ ਸੰਖਿਆ ਬਣਾਉਣ ਦਾ ਗਿਨੀਜ਼ ਵਰਲਡ ਰਿਕਾਰਡ ਦਰਜ ਕੀਤਾ ਗਿਆ। ਇਹ ਸਮਾਗਮ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਜਨਰਲ ਅਤੇ ਪਰਵਾਸੀ ਭਾਰਤੀ ਸੰਸਥਾ ‘ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼’ (FIA) ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ। ਭਾਰਤੀ ਤਕਨਾਲੋਜੀ ਕੰਪਨੀ ‘ਜ਼ੋਹੋ’ ਨੇ ਵੀ ਇਸ ਪਹਿਲ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।

ਆਯੋਜਕਾਂ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 80 ਸਾਲ ਅਤੇ ਅਮਰੀਕਾ ਦੀ ਸਥਾਪਨਾ ਦੇ 250 ਸਾਲ ਪੂਰੇ ਹੋਣ ਦਾ ਇਹ ਸਾਂਝਾ ਜਸ਼ਨ ਦੋਵਾਂ ਮੁਲਕਾਂ ਵਿਚਲੇ ਮਜ਼ਬੂਤ ਸਬੰਧਾਂ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ।

ਸਮਾਗਮ ਵਿੱਚ ਨਿਊਜਰਸੀ ਦੇ ਲੈਫਟੀਨੈਂਟ ਗਵਰਨਰ ਡੇਲ ਕੈਲਡਵੈਲ, ਅਮਰੀਕੀ ਸੰਸਦ ਮੈਂਬਰ ਅਨਾਲੀਲੀਆ ਮੇਜੀਆ, ਨਿਊਯਾਰਕ ਵਿੱਚ ਭਾਰਤ ਦੇ ਕੌਂਸਲ ਜਨਰਲ ਬਿਨੈ ਸ਼੍ਰੀਕਾਂਤ ਪ੍ਰਧਾਨ ਅਤੇ ਪਾਰਸਿਪਨੀ ਦੇ ਮੇਅਰ ਪੁਲਕਿਤ ਦੇਸਾਈ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

ਭਾਰਤੀ ਆਜ਼ਾਦੀ ਦਿਵਸ ਦੇ ਜਸ਼ਨਾਂ ਤਹਿਤ ਨਿਊਯਾਰਕ ਦੀ ਮਸ਼ਹੂਰ ਐਂਪਾਇਰ ਸਟੇਟ ਬਿਲਡਿੰਗ ਅਤੇ ਬੋਸਟਨ ਦੇ ਪ੍ਰਡੈਂਸ਼ੀਅਲ ਸੈਂਟਰ ਸਮੇਤ ਕਈ ਪ੍ਰਮੁੱਖ ਇਮਾਰਤਾਂ ਨੂੰ ਤਿਰੰਗੇ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ। ਇਸੇ ਦੌਰਾਨ ਟਾਈਮਜ਼ ਸਕੁਏਅਰ ’ਤੇ FIA ਵੱਲੋਂ ਸਾਲਾਨਾ ਝੰਡਾ ਲਹਿਰਾਉਣ ਦੀ ਰਸਮ ਵੀ ਕਰਵਾਈ ਗਈ, ਜਿਸ ਵਿੱਚ ਭਾਰਤੀ ਸੱਭਿਆਚਾਰਕ ਪ੍ਰੋਗਰਾਮਾਂ ਨੇ ਖੂਬ ਰੰਗ ਬੰਨ੍ਹਿਆ।

ਇਸ ਤੋਂ ਇਲਾਵਾ ਅਮਰੀਕਾ ਦੇ ਕਈ ਸੂਬਿਆਂ ਦੇ ਗਵਰਨਰਾਂ ਵੱਲੋਂ 15 ਅਗਸਤ ਨੂੰ ਆਪਣੇ-ਆਪਣੇ ਸੂਬਿਆਂ ਵਿੱਚ ‘ਭਾਰਤ ਦਿਵਸ’ ਵਜੋਂ ਮਨਾਉਣ ਸਬੰਧੀ ਵਿਸ਼ੇਸ਼ ਐਲਾਨ ਵੀ ਜਾਰੀ ਕੀਤੇ ਗਏ।