1947 ਦੀ ਵੰਡ ਦੇ ਸ਼ਹੀਦਾਂ ਦੀ ਯਾਦ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ, ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ
1947 ਦੀ ਦੇਸ਼ ਵੰਡ ਦੌਰਾਨ ਜਾਨਾਂ ਗੁਆਉਣ ਵਾਲੇ ਕਰੀਬ 10 ਲੱਖ ਪੰਜਾਬੀਆਂ ਦੀ ਯਾਦ ਵਿੱਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਅਪੀਲ ਕੀਤੀ, ਤਾਂ ਜੋ ਸਿੱਖ ਸੰਗਤ ਆਪਣੇ ਵਿਛੜੇ ਗੁਰਧਾਮ ਦੇ ਖੁੱਲ੍ਹੇ ਦਰਸ਼ਨ ਕਰ ਸਕੇ।
ਗੁਰਮਤਿ ਸਮਾਗਮ ਦੌਰਾਨ ਦੇਸ਼ ਵੰਡ ਸਮੇਂ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਵਿਸ਼ੇਸ਼ ਅਰਦਾਸ ਕੀਤੀ ਗਈ। ਅਰਦਾਸ ਦੌਰਾਨ ਉਸ ਸਮੇਂ ਹੋਏ ਵੱਡੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਯਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਸੱਤਾ ਦੀ ਲਾਲਸਾ ਕਾਰਨ ਹੋਏ ਇਸ ਵੰਡ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ।
ਸੰਗਤ ਨੂੰ ਸੰਬੋਧਨ ਕਰਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ 1947 ਦੀ ਵੰਡ ਸਿਰਫ਼ ਸਰਹੱਦਾਂ ਦੀ ਵੰਡ ਨਹੀਂ ਸੀ, ਸਗੋਂ ਇਹ ਇੱਕ ਵੱਡਾ ਉਜਾੜਾ ਸੀ। ਇਸ ਦੌਰਾਨ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ, ਵੱਡੇ ਪੱਧਰ ’ਤੇ ਜਾਇਦਾਦਾਂ ਦਾ ਨੁਕਸਾਨ ਹੋਇਆ ਅਤੇ ਲੋਕਾਂ ਨੂੰ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਇਸ ਉਜਾੜੇ ਕਾਰਨ ਸਿੱਖ ਕੌਮ ਤੋਂ ਕਈ ਪਾਵਨ ਗੁਰਧਾਮ ਵੀ ਵਿਛੜ ਗਏ, ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਦੀ ਇੱਛਾ ਅੱਜ ਵੀ ਸੰਗਤ ਦੇ ਮਨਾਂ ਵਿੱਚ ਹੈ।
ਜਥੇਦਾਰ ਨੇ ਕਿਹਾ ਕਿ ਅਰਦਾਸ ਹੋਣੀ ਚਾਹੀਦੀ ਹੈ ਕਿ ਦੁਨੀਆ ਵਿੱਚ ਮੁੜ ਕਦੇ ਅਜਿਹਾ ਉਜਾੜਾ ਨਾ ਵਾਪਰੇ ਅਤੇ ਕਿਸੇ ਪਰਿਵਾਰ ਨੂੰ ਆਪਣੇ ਜੀਅ-ਜੰਤ ਤੋਂ ਵਿਛੋੜੇ ਦਾ ਦਰਦ ਨਾ ਸਹਿਣਾ ਪਵੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਸਾਲ ਵਿੱਚ ਕੁਝ ਮੌਕਿਆਂ ’ਤੇ ਵੀਜ਼ੇ ਦਿੱਤੇ ਜਾਂਦੇ ਹਨ, ਪਰ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੈ। ਇਸ ਲਈ ਦੋਵਾਂ ਸਰਕਾਰਾਂ ਨੂੰ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਵੀਜ਼ੇ ਦੇਣੇ ਚਾਹੀਦੇ ਹਨ।
ਉਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਖਾਸ ਤੌਰ ’ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਪਾਵਨ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ ਅਤੇ ਲਾਂਘਾ ਖੁੱਲ੍ਹਣ ਨਾਲ ਸਿੱਖ ਸੰਗਤ ਨੂੰ ਆਪਣੇ ਇਸ ਇਤਿਹਾਸਕ ਗੁਰਧਾਮ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ।
ਗੁਰਦੁਆਰਿਆਂ ’ਚ ਮਤਭੇਦ ਭੁਲਾ ਕੇ ਇਕੱਠੇ ਹੋਣ ਦੀ ਅਪੀਲ
ਇਸ ਮੌਕੇ ਜਥੇਦਾਰ ਗੜਗੱਜ ਨੇ ਗੁਰਦੁਆਰਿਆਂ ਵਿੱਚ ਆਉਂਦਿਆਂ ਆਪਸੀ ਮਤਭੇਦਾਂ ਨੂੰ ਪਾਸੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਸਾਰੇ ਸਿੱਖ ਭਰਾ ਹਨ ਅਤੇ ਇੱਥੇ ਕਿਸੇ ਨੂੰ ਇੱਕ-ਦੂਜੇ ਦਾ ਦੁਸ਼ਮਣ ਨਹੀਂ ਸਮਝਣਾ ਚਾਹੀਦਾ। ਗੁਰੂ ਸਾਹਿਬ ਦੀ ਸਿੱਖਿਆ ਵੀ ਆਪਸੀ ਪਿਆਰ ਅਤੇ ਇਕਜੁੱਟਤਾ ਦਾ ਸੰਦੇਸ਼ ਦਿੰਦੀ ਹੈ।
ਉਨ੍ਹਾਂ ਪੁਰਾਤਨ ਸਮੇਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਿੱਖਾਂ ਵਿੱਚ ਵਿਚਾਰਕ ਜਾਂ ਹੋਰ ਮਤਭੇਦ ਹੋਣ ਦੇ ਬਾਵਜੂਦ ਉਹ ਗੁਰਦੁਆਰਿਆਂ ਵਿੱਚ ਇਕੱਠੇ ਹੁੰਦੇ ਅਤੇ ਬੈਠ ਕੇ ਆਪਣੇ ਮਸਲਿਆਂ ਦਾ ਹੱਲ ਲੱਭਦੇ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਵੀ ਪੰਥ ਨੂੰ ਇਕਜੁੱਟਤਾ ਦੀ ਲੋੜ ਹੈ ਅਤੇ ਸਾਰੇ ਮਸਲੇ ਆਪਸੀ ਵਿਚਾਰ-ਵਟਾਂਦਰੇ ਰਾਹੀਂ ਮਿਲ ਕੇ ਹੱਲ ਕੀਤੇ ਜਾਣੇ ਚਾਹੀਦੇ ਹਨ।
ਜਥੇਦਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਕਈ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਉਨ੍ਹਾਂ ਦੀ ਰਿਹਾਈ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।







